ਕਾਂਗਰਸੀ ਲੀਡਰ ਵੀ ਅਕਾਲੀ ਲੀਡਰਾਂ ਦੇ ਨਕਸ਼ੇ-ਕਦਮਾਂ ''ਤੇ ਚੱਲਣ ਲੱਗੇ?

07/20/2017 2:01:35 AM

ਹੁਸ਼ਿਆਰਪੁਰ (ਘੁੰਮਣ) - ਕਾਂਗਰਸ ਨੂੰ ਦੋ-ਤਿਹਾਈ ਜਿੱਤ ਮਿਲਣ ਦੇ ਬਾਵਜੂਦ ਮੰਤਰੀ ਮੰਡਲ ਦਾ ਵਿਸਥਾਰ ਨਾ ਹੋਣਾ ਅਤੇ ਵੱਡੇ ਲੀਡਰਾਂ ਨੂੰ ਐਡਜਸਟ ਨਾ ਕਰਨਾ ਸਰਕਾਰ ਅਤੇ ਪਾਰਟੀ 'ਤੇ ਸਵਾਲੀਆ ਨਿਸ਼ਾਨ ਹੈ। ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਹਰ ਛੋਟੇ-ਵੱਡੇ ਹੱਥਕੰਡੇ ਵਰਤੇ ਗਏ ਤੇ ਦੂਸਰੀਆਂ ਪਾਰਟੀਆਂ ਦੇ ਚੰਗੇ ਆਗੂਆਂ ਨੂੰ ਆਪਣੇ ਨਾਲ ਮਿਲਾਉਣ ਲਈ ਪੱਬਾਂ-ਭਾਰ ਹੁੰਦੇ ਰਹੇ। ਅਕਾਲੀ ਦਲ ਦੇ 25 ਸਾਲ ਰਾਜ ਕਰਨ ਦੇ ਸੁਪਨੇ ਤੋਂ ਕਾਂਗਰਸ ਨੂੰ ਵੱਡਾ ਖੌਫ਼ ਨਜ਼ਰ ਆ ਰਿਹਾ ਸੀ ਤੇ ਇਹ ਚਿੰਤਾ ਸਤਾ ਰਹੀ ਸੀ ਕਿ ਇਹ ਪੰਜਾਬ ਅੰਦਰ 10 ਸਾਲ ਰਾਜ ਕਰਨ ਤੋਂ ਬਾਅਦ ਹੁਣ ਤੀਸਰੀ ਵਾਰ ਵੀ ਪਲਟੀ ਨਾ ਮਾਰ ਜਾਣ। ਇਸ ਡਰ ਕਾਰਨ ਬਾਹਰੋਂ ਆਉਣ ਵਾਲੇ ਲੀਡਰਾਂ ਤੇ ਆਮ ਲੋਕਾਂ ਨਾਲ ਵਾਅਦਿਆਂ ਦਾ ਸਿਲਸਿਲਾ ਜਾਰੀ ਰਿਹਾ। ਅੱਜ ਕਾਂਗਰਸ ਸਰਕਾਰ ਬਣਿਆਂ ਤਕਰੀਬਨ 4 ਮਹੀਨੇ ਦਾ ਸਮਾਂ ਹੋ ਗਿਆ ਹੈ। ਜਿੱਤ ਤੋਂ ਬਾਅਦ ਅਚਾਨਕ ਸਭ ਕੁਝ ਬਦਲਣਾ ਸ਼ੁਰੂ ਹੋ ਗਿਆ ਅਤੇ ਕਾਂਗਰਸ ਦੇ ਕੁਝ ਲੀਡਰਾਂ ਹੱਥ ਕਮਾਂਡ ਆ ਗਈ ਹੈ। ਜਿਹੜੇ ਲੀਡਰਾਂ ਨੇ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ ਦੇ ਹੱਕ 'ਚ ਪ੍ਰਚਾਰ ਕੀਤਾ ਤੇ ਵਿਧਾਇਕਾਂ ਨੂੰ ਜਿਤਾਉਣ ਲਈ ਵੱਡਾ ਯੋਗਦਾਨ ਪਾਇਆ, ਅੱਜ ਪਾਰਟੀ ਦੇ ਵੱਡੇ ਲੀਡਰ ਜਾਪਦਾ ਹੈ ਕਿ ਇਨ੍ਹਾਂ ਲੀਡਰਾਂ ਨੂੰ ਮਿਲਣਾ ਵੀ ਭੁੱਲ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਵਿਧਾਇਕਾਂ ਨੂੰ ਤਾਂ ਲੰਚ ਜਾਂ ਡਿਨਰ 'ਤੇ ਬੁਲਾ ਲਿਆ ਜਾਂਦਾ ਹੈ ਪਰ ਦੂਜੀਆਂ ਪਾਰਟੀਆਂ 'ਚੋਂ ਆਏ ਲੀਡਰਾਂ ਤੇ ਆਪਣੇ ਸਪੋਰਟਰਾਂ ਦੀ ਪ੍ਰਵਾਹ ਨਹੀਂ ਕੀਤੀ ਜਾ ਰਹੀ, ਜਿਸ ਨੂੰ ਲੈ ਕੇ ਇਨ੍ਹਾਂ ਲੀਡਰਾਂ 'ਚ ਅੱਜ ਅੰਦਰੋਂ-ਅੰਦਰ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ ਤੇ ਇਨ੍ਹਾਂ ਦੇ ਪਾਰਟੀ ਨੂੰ ਅੰਦਰਗਤੀ ਖੋਰਾ ਲਾਉਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਭਾਵੇਂ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਦੇ ਕੰਮਾਂ ਨੂੰ ਪਹਿਲ ਦੇਣ ਲਈ ਕਿਹਾ ਗਿਆ ਹੈ ਪਰ ਅੱਜ ਹੇਠਲੇ ਪੱਧਰ 'ਤੇ ਹਾਲਾਤ ਬਦਲਣੇ ਸ਼ੁਰੂ ਹੋ ਗਏ ਹਨ ਤੇ ਚੁਣੇ ਗਏ ਨੁਮਾਇੰਦਿਆਂ ਨੇ ਆਪੋ-ਆਪਣੀ ਬੰਸਰੀ ਵਜਾਉਣੀ ਸ਼ੁਰੂ ਕਰ ਦਿੱਤੀ ਹੈ। ਅਫ਼ਸਰਾਂ ਦੀਆਂ ਬਦਲੀਆਂ ਨੂੰ ਲੈ ਕੇ ਹਫੜਾ-ਦਫੜੀ ਮੱਚੀ ਹੋਈ ਹੈ ਤੇ ਅੰਦਰੋਂ-ਅੰਦਰ ਇਕ-ਦੂਜੇ ਨੂੰ ਓਵਰਟੇਕ ਕੀਤਾ ਜਾ ਰਿਹਾ ਹੈ। ਲੀਡਰਾਂ 'ਚ ਆਪਣੇ ਅਧਿਕਾਰੀ ਲਵਾਉਣ ਦੀ ਦੌੜ ਲੱਗੀ ਹੋਈ ਹੈ। ਅਫ਼ਸਰਾਂ 'ਤੇ ਆਪਣਾ ਦਬਾਅ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ। ਲੱਗਦਾ ਹੈ ਕਿ ਕਾਂਗਰਸ ਦੇ ਬਹੁਤੇ ਲੀਡਰ ਅਕਾਲੀ ਦਲ ਦੇ ਲੀਡਰਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣਾ ਸ਼ੁਰੂ ਹੋ ਗਏ ਹਨ। ਇਨ੍ਹਾਂ ਕਾਰਨਾਂ ਕਰ ਕੇ ਅਕਾਲੀ ਦਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਜਿਨ੍ਹਾਂ ਹਲਕਿਆਂ ਦੇ ਵਿਧਾਇਕ ਅੱਜ ਘਰ ਤੋਂ ਹੀ ਸਰਕਾਰੀ ਦਫ਼ਤਰ ਚਲਾਉਣਾ ਚਾਹੁੰਦੇ ਹਨ ਤੇ ਲੋਕਾਂ ਨੂੰ ਮਿਲਣ ਤੋਂ ਗੁਰੇਜ਼ ਕਰ ਰਹੇ ਹਨ। ਜੇਕਰ ਕਾਂਗਰਸ ਹਾਈਕਮਾਂਡ ਨੇ ਆਪਣੇ ਅਜਿਹੇ ਵਿਧਾਇਕਾਂ ਨੂੰ ਇਸ ਰਸਤੇ 'ਤੇ ਚੱਲਣ ਤੋਂ ਨਾ ਰੋਕਿਆ ਤਾਂ ਅਫ਼ਸਰਸ਼ਾਹੀ ਤੇ ਲੋਕ ਜਲਦ ਨਾਰਾਜ਼ ਹੋ ਸਕਦੇ ਹਨ, ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਆ ਰਹੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਲੋਕ ਸਭਾ ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ ਭੁਗਤਣਾ ਪੈ ਸਕਦਾ ਹੈ।