ਕਰਜ਼ਾ ਮੁਆਫੀ ਮਾਮਲੇ ''ਤੇ ਲਾਏ ਜਾ ਰਹੇ ਧਰਨੇ ਨਿਰਾ ਡਰਾਮਾ : ਕਾਂਗਰਸੀ ਆਗੂ

01/19/2018 12:52:18 PM

ਮੋਗਾ (ਗਰੋਵਰ, ਗੋਪੀ) - ਪੰਜਾਬ ਸਰਕਾਰ ਨੇ ਮਾੜੀ ਆਰਥਿਕਤਾ ਨਾਲ ਜੂਝ ਰਹੀ ਰਾਜ ਦੀ ਕਿਸਾਨੀ ਨੂੰ ਪੈਰਾਂ 'ਤੇ ਖੜ੍ਹਾ ਕਰਨ ਲਈ ਕਰਜ਼ਾ ਮੁਆਫੀ ਦਾ ਇਤਿਹਾਸਕ ਫੈਸਲਾ ਕਰ ਕੇ ਵਿਰੋਧੀ ਪਾਰਟੀਆਂ ਦੇ ਉਨ੍ਹਾਂ ਨੇਤਾਵਾਂ ਨੂੰ 'ਚੁੱਪ' ਕਰਵਾ ਦਿੱਤਾ ਹੈ, ਜੋ ਇਹ ਕਹਿੰਦੇ ਸਨ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਹੀ ਨਹੀਂ ਹੋ ਸਕਦਾ। ਹੁਣ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ 'ਤੇ ਕੁਝ ਨੇਤਾ ਜਾਣ-ਬੁੱਝ ਕੇ ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰ ਕੇ ਧਰਨਾ ਲਾਉਣ ਲੱਗੇ ਹਨ, ਜੋ ਡਰਾਮੇ ਤੋਂ ਇਲਾਵਾ ਕੁਝ ਨਹੀਂ ਹੈ। ਇਹ ਗੱਲ ਜ਼ਿਲਾ ਕਾਂਗਰਸ ਦੇ ਪ੍ਰਧਾਨ ਕਰਨਲ ਬਾਬੂ ਸਿੰਘ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਿਨੋਦ ਬਾਂਸਲ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਬੀੜ ਚੜਿੱਕ ਨੇ ਕਹੀ। 
ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਵੱਡੀ ਚੇਅਰਮੈਨੀ ਦਾ ਆਨੰਦ ਲੈਂਦੇ ਹੋਏ ਕਿਸਾਨੀ ਮੰਗਾਂ ਨੂੰ ਲਗਾਤਾਰ ਦਸ ਸਾਲ ਅਣਦੇਖੀ ਕਰਨ ਵਾਲੇ ਨੇਤਾ ਅੱਜ ਕਿਹੜੇ ਮੂੰਹ ਨਾਲ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅਜਿਹੇ ਨੇਤਾਵਾਂ ਬਾਰੇ ਪੰਜਾਬ ਨਿਵਾਸੀਆਂ ਨੂੰ ਸਭ ਕੁਝ ਪਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 10 ਮਹੀਨਿਆਂ 'ਚ ਦੋ-ਦੋ ਲੱਖ ਰੁਪਏ ਕਰਜ਼ਾ ਮੁਆਫ ਕਰ ਦਿੱਤਾ ਹੈ ਅਤੇ ਹੁਣ 31 ਜਨਵਰੀ ਤੱਕ ਕਰਜ਼ਾ ਮੁਆਫੀ ਦੀ ਦੂਜੀ ਕਿਸ਼ਤ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਹਿੱਤਾਂ ਦੀ ਪਹਿਰੇਦਾਰੀ ਪੂਰੀ ਵਚਨਬੱਧਤਾ ਨਾਲ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਸੱਤਾ ਤੋਂ ਬਾਹਰ ਹੋ ਕੇ ਵਿਵਾਦ ਖੜ੍ਹਾ ਕਰਨ ਵਾਲੇ ਨੇਤਾਵਾਂ ਦੀਆਂ ਗੱਲਾਂ 'ਚ ਪੰਜਾਬ ਨਿਵਾਸੀ ਕਦੇ ਨਹੀਂ ਆਉਣਗੇ।