ਰਾਜ਼ੀਨਾਮਾ ਲਈ ਗਏ ਅਕਾਲੀ ਅਤੇ ਕਾਂਗਰਸੀ ਗੁੱਟ ਵਿਚਾਲੇ ਚੱਲੀ ਗੋਲੀ, ਇਕ ਗੰਭੀਰ ਜ਼ਖਮੀ (ਤਸਵੀਰਾਂ)

11/20/2017 7:48:35 PM

ਜਲਾਲਾਬਾਦ (ਸੇਤੀਆ) : ਮੰਡੀ ਰੋੜਾਂ ਵਾਲੀ ਚੌਂਕੀ ਤੋਂ ਕਿਸੇ ਰਾਜ਼ੀਨਾਮੇ ਤੋਂ ਵਾਪਸ ਪਰਤ ਰਹੇ ਅਕਾਲੀ ਦਲ ਅਤੇ ਕਾਂਗਰਸੀ ਆਗੂ ਵਿਚਾਲੇ ਹੋਈ ਤਕਰਾਰ 'ਚ ਚੱਲੀ ਗੋਲੀ ਨਾਲ ਇਕ ਕਾਂਗਰਸੀ ਆਗੂ ਦਵਿੰਦਰ ਖੇੜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਫਾਜ਼ਿਲਕਾ 'ਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿਚ ਹਾਲਤ ਗੰਭੀਰ ਦੇਖਦਿਆਂ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਮਨਜਿੰਦਰ (ਸਾਜਨ) ਖੇੜਾ ਨੇ ਦੱਸਿਆ ਕਿ ਜੰਡਵਾਲਾ ਨਿਵਾਸੀ ਮਹਿਲਾ ਸਰਪੰਚ ਦਾ ਬੇਟਾ ਕਰਨ ਕੰਬੋਜ ਅਤੇ ਕਾਂਗਰਸੀ ਆਗੂ ਦਵਿੰਦਰ ਖੇੜਾ ਕਿਸੇ ਰਾਜ਼ੀਨਾਮੇ ਲਈ ਰੋੜਾਂਵਾਲੀ ਚੌਂਕੀ ਪਹੁੰਚੇ ਸਨ ਪਰ ਇਥੇ ਵਾਪਸ ਪਰਤਦੇ ਸਮੇਂ ਦੁਪਹਿਰ ਕਰੀਬ 2 ਵਜੇ ਰਸਤੇ ਵਿਚ ਆਪਸ ਵਿਚ ਤਕਰਾਰ ਹੋ ਗਈ। ਜਿਸ ਵਿਚ ਦਵਿੰਦਰ ਖੇੜਾ ਨੂੰ ਗੋਲੀ ਲੱਗ ਗਈ ਅਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਇਸ ਸੰਬੰਧੀ ਚੌਂਕੀ ਇੰਚਾਰਜ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਪੰਚਾਇਤੀ ਰਾਜ਼ੀਨਾਮੇ ਲਈ ਦੋਵੇਂ ਇਥੇ ਆਏ ਸਨ ਪਰ ਇਸ ਤੋਂ ਬਾਅਦ ਰਸਤੇ ਵਿਚ ਕੀ ਹੋਇਆ ਹੈ ਉਹ ਨਹੀਂ ਜਾਣਦੇ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।