ਕਾਂਗਰਸੀ ਆਗੂ ਦਲਜੀਤ ਸਿੰਘ ਨਡਾਲਾ 'ਤੇ ਹੋਏ ਹਮਲੇ ਦੀ ਸੀ. ਸੀ. ਟੀ. ਵੀ ਫੁਟੇਜ ਜਾਰੀ

06/10/2017 1:59:45 PM

ਨਡਾਲਾ (ਸ਼ਰਮਾ)— ਲੰਘੇ ਦਿਨੀਂ ਕਾਂਗਰਸੀ ਆਗੂ ਦਲਜੀਤ ਸਿੰਘ ਨਡਾਲਾ 'ਤੇ ਹੋਏ ਜਾਨ-ਲੇਵਾ ਹਮਲੇ ਸਬੰਧੀ ਪੁਲਸ ਵਲੋਂ ਦੋਸ਼ੀਆਂ ਦੇ ਸੀ. ਸੀ. ਟੀ. ਵੀ. ਫੁਟੇਜ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਭੁਲੱਥ ਗੌਰਵ ਤੂਰਾ ਅਤੇ ਐੱਸ. ਐੱਚ. ਓ. ਸੁਭਾਨਪੁਰ ਸੁਖਬੀਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਦਲਜੀਤ ਸਿੰਘ ਨਡਾਲਾ ਦੇ ਘਰ ਅਤੇ ਸਾਹੀ ਮਾਰਕਿਟ 'ਚ ਸਥਿਤ ਉਸਦੇ ਦਫਤਰ ਦੇ ਬਾਹਰ ਬਾਰ-ਬਾਰ ਗੇੜੇ ਮਾਰਦੇ ਰਹੇ ਸਨ, ਕਰੀਬ 3-4 ਘੰਟਿਆਂ ਤੋਂ ਦਲਜੀਤ ਸਿੰਘ ਨਡਾਲਾ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖ ਰਹੇ ਸਨ। 
ਘਟਨਾ ਸਮੇਂ ਦਲਜੀਤ ਸਿੰਘ ਕਰੀਬ 8:15 ਵਜੇ ਰਾਤ ਸਮੇਂ ਆਪਣੇ ਫਾਰਮ ਹਾਊਸ ਤੋਂ ਘਰ ਵਾਪਸ ਆ ਰਹੇ ਸਨ। ਪਹਿਲਾਂ ਤੋਂ ਹੀ ਪਿੱਛਾ ਕਰ ਰਹੇ ਦੋ ਨੌਜਵਾਨਾਂ ਨੇ ਮੋਟਰਸਾਈਕਲ ਬਰਾਬਰ ਕਰਕੇ ਪਹਿਲਾਂ ਪੈਟਰੋਲ ਪੰਪ ਦਾ ਰਾਹ ਪੁੱਛਿਆ ਤੇ ਨਾਲ ਹੀ ਦੇਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ, ਜੋ ਦਲਜੀਤ ਸਿੰਘ ਦੇ ਮੋਢੇ 'ਤੇ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਏ. ਸੀ. ਪੀ. ਗੌਰਵ ਤੂਰਾ ਨੇ ਆਖਿਆ ਕਿ ਪੁਲਸ ਪੂਰੀ ਬਰੀਕੀ ਨਾਲ ਜਾਂਚ ਕਰ ਰਹੀ ਹੈ, ਜਲਦੀ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ।  ਇਸ ਮੌਕੇ ਪੁਲਸ ਚੌਕੀ ਮੁੱਖੀ ਲਵਲੀਨ ਕੁਮਾਰ, ਕੌਂਸਲਰ ਰਾਮ ਸਿੰਘ, ਕੌਂਸਲਰ ਅਵਤਾਰ ਸਿੰਘ ਮੁਲਤਾਨੀ ਉਪ ਪ੍ਰਧਾਨ ਨਗਰ ਪੰਚਾਇਤ ਨਡਾਲਾ, ਕੌਂਸਲਰ ਸੰਜੀਵ ਕੁਮਾਰ ਜੋਸ਼ੀ, ਡਾ. ਸੰਦੀਪ ਪਸਰੀਚਾ, ਪਰਗਟ ਸਿੰਘ, ਮਨੋਹਰ ਲਾਲ ਸਰਪੰਚ ਤੇ ਹੋਰ ਹਾਜ਼ਰ ਸਨ।