ਪੱਬ ''ਚ ਬਿਨਾਂ ਪਰਮਿਟ ਦੇ ਪਿਆਈ ਜਾ ਰਹੀ ਸੀ ਸ਼ਰਾਬ, ਕਾਂਗਰਸੀ ਆਗੂ ''ਤੇ ਕੇਸ ਦਰਜ

06/30/2018 7:02:31 AM

ਜਲੰਧਰ, (ਮ੍ਰਿਦੁਲ)- ਕਾਂਗਰਸ ਜ਼ਿਲਾ ਇਕਨੌਮਿਕ ਐਂਡ ਪਲੈਨਿੰਗ ਸੈੱਲ ਦੇ ਚੇਅਰਮੈਨ ਐਡਵੋਕੇਟ ਹਰਪ੍ਰੀਤ ਸਿੰਘ ਆਜ਼ਾਦ ਦੇ ਖਿਲਾਫ ਥਾਣਾ ਰਾਮਾ ਮੰਡੀ ਪੁਲਸ ਨੇ ਐਕਸਾਈਜ ਐਕਟ ਅਤੇ 188 ਸੀ. ਆਰ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਕਾਂਗਰਸੀ ਆਗੂ ਐਡਵੋਕੇਟ ਹਰਪ੍ਰੀਤ ਸਿੰਘ ਅਤੇ ਉਸ ਦੇ ਭਰਾ ਅਮਨਦੀਪ ਸਿੰਘ ਦੇ ਹੁਸ਼ਿਆਰਪੁਰ ਰੋਡ 'ਤੇ ਸਥਿਤ 100 ਡਾਗ ਪੱਬ ਵਿਚ ਆਉਣ ਵਾਲੇ ਨੌਜਵਾਨਾਂ ਨੂੰ ਹੁੱਕੇ ਨਾਲ ਬਿਨਾਂ ਪਰਮਿੰਟ ਚੰਡੀਗੜ੍ਹ ਦੀ ਸ਼ਰਾਬ ਪਿਆਈ ਜਾ ਰਹੀ ਸੀ। ਥਾਣਾ ਮੰਡੀ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਉਥੇ ਰੇਡ ਕੀਤੀ ਜਿਥੇ ਮੌਕੇ ਤੋਂ ਪੁਲਸ ਨੂੰ ਚੰਡੀਗੜ੍ਹ ਦੀਆਂ 15 ਬਿਕਸੀ ਦੀਆਂ ਬੋਤਲਾਂ, 27 ਵੀਅਰ ਦੀਆਂ ਬੋਤਲਾਂ, 7 ਹੁੱਕੇ, 70 ਫਲੇਬਰਡ  ਤੰਬਾਕੂ ਅਤੇ 3 ਵੱਡੇ ਡੱਬੇ ਤੰਬਾਕੂ, ਇੰਪੋਟਰਡ ਸਿਗਰੇਟ ਡੱਬੀਆਂ ਬਰਾਮਦ ਹੋਈਆਂ। ਜਾਂਚ ਵਿਚ ਪਤਾ ਲੱਗਾ ਕਿ ਹਰਪ੍ਰੀਤ ਸਿੰਘ ਆਜ਼ਾਦ ਅਤੇ ਉਸ ਦਾ ਭਰਾ ਅਮਨਦੀਪ ਸਿੰਘ ਨਾਜਾਇਜ਼ ਤੌਰ 'ਤੇ ਸ਼ਰਾਬ ਪਿਆਉਂਦੇ ਸਨ। ਪੁਲਸ ਨੇ ਉਨ੍ਹਾਂ ਦੇ ਵਰਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਹਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਸ ਨੇ ਝੂਠਾ ਕੇਸ ਦਰਜ ਕੀਤਾ : ਹਰਪ੍ਰੀਤ ਸਿੰਘ
ਕਾਂਗਰਸ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੱਬ ਵਿਚ ਹੁੱਕਾਵਾਰ ਨਹੀਂ ਚਲਾਇਆ ਜਾ ਰਿਹਾ ਸੀ। ਹੁੱਕੇ ਸਿਰਫ ਸਜਾਵਟ ਲਈ ਰੱਖੇ ਗਏ ਸਨ। ਜਦੋਂ ਹਰਪ੍ਰੀਤ ਕੋਲੋਂ ਵ੍ਹਿਸਕੀ ਦੀਆਂ ਬੋਤਲਾਂ, ਹੁੱਕਿਆਂ 'ਤੇ ਤੰਬਾਕੂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਸਾਰੀ ਸੱਚਾਈ ਜਲਦ ਹੀ ਸਾਹਮਣੇ ਆ ਜਾਵੇਗੀ।
ਸਿਆਸੀ ਸ਼ਹਿ 'ਤੇ ਚੱਲ ਰਿਹਾ ਸੀ ਨਾਜਾਇਜ਼ ਧੰਦਾ
ਸੂਤਰਾਂ ਦੀ ਮੰਨੀਏ ਤਾਂ ਹਰਪ੍ਰੀਤ ਸਿੰਘ ਨੂੰ ਸਿਆਸੀ ਸ਼ਹਿ ਹਾਸਲ ਸੀ ਜਿਸ ਕਾਰਨ ਉਸ ਦੇ ਪੱਬ 'ਤੇ ਹੱਥ ਨਹੀਂ ਪਾ ਰਹੀ ਸੀ। ਹਰਪ੍ਰੀਤ ਦੇ ਕਾਂਗਰਸ 'ਚ ਕਈ ਵੱਡੇ ਆਗੂਆਂ ਨਾਲ ਸਬੰਧ ਸਨ। ਪੁਲਸ ਨੇ ਉਸ ਦੇ ਪੱਬ 'ਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਉਸ ਦੇ 2 ਵਰਕਰਾਂ ਆਦਿਲ ਹਸਨ ਤੇ ਰੋਹਿਤ ਕੁਮਾਰ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ 'ਤੇ ਐੱਨ. ਡੀ. ਪੀ. ਐੱਸ. (ਐਕਸਾਈਜ਼ ਐਕਟ) 61-1-14, ਕੋਪਟਾ ਐਕਟ ਧਾਰਾ 4, 7 ਅਤੇ ਸੀ. ਆਰ. ਪੀ. ਸੀ. 188 (ਡੀ. ਸੀ. ਪੀ. ਦੇ ਹੁਕਮਾਂ ਦੀ ਉਲੰਘਣਾ) ਕਰਨ ਤਹਿਤ ਐੱਫ. ਆਈ. ਆਰ. ਨੰ. 147 ਦਰਜ ਕੀਤੀ ਹੈ।