ਕਾਂਗਰਸ ਆਗੂ ਦੇ ਪਤੀ ਤੇ ਦਰਾਣੀ ਨੂੰ ਕਤਲ ਕਰਨ ਵਾਲੇ ਛੇ ਮੁਲਜ਼ਮ 4 ਦਿਨ ਦੇ ਪੁਲਸ ਰਿਮਾਂਡ

11/03/2023 4:46:24 PM

ਨੂਰਪੁਰਬੇਦੀ (ਭੰਡਾਰੀ) : ਪਿੰਡ ਕਰਤਾਰਪੁਰ ਵਿਖੇ ਕਾਂਗਰਸੀ ਸੰਮਤੀ ਮੈਂਬਰ ਦੇ ਪਤੀ ਅਤੇ ਦਰਾਣੀ ਦੇ ਕਤਲ ’ਚ ਨਾਮਜ਼ਦ 6 ਮੁਲਜ਼ਮਾਂ ਨੂੰ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਜੱਜ ਨੇ ਉਨ੍ਹਾਂ ਨੂੰ 6 ਨਵੰਬਰ ਤੱਕ ਪੁਲਸ ਰਿਮਾਂਡ ’ਤੇ ਭੇਜਣ ਦਾ ਆਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ ਸੰਮਤੀ ਮੈਂਬਰ ਭੋਲੀ ਦੇਵੀ ਦੇ ਪਤੀ ਕਰਮ ਚੰਦ ਅਤੇ ਦਰਾਣੀ ਗੀਤਾ ਦੇ ਹੋਏ ਉਕਤ ਦੋਹਰੇ ਕਤਲ ਮਾਮਲੇ ’ਚ ਸਥਾਨਕ ਪੁਲਸ ਨੇ ਪਹਿਲਾਂ 9 ਵਿਅਕਤੀਆਂ ਸਹਿਤ 10-15 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਜਦਕਿ ਬਾਅਦ ’ਚ ਪੁਲਸ ਵੱਲੋਂ ਬਲਾਚੌਰ ਖੇਤਰ ਨਾਲ ਸਬੰਧਤ 4 ਹੋਰ ਮੁਲਜ਼ਮਾਂ ’ਚ ਸ਼ਾਮਲ ਅੰਕੁਸ਼, ਅੰਸ਼ੂ, ਹੈੱਪੀ ਅਤੇ ਚਿਰਾਗ ਚੀਨੂੰ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਜਿਸ ਨਾਲ ਇਸ ਮਾਮਲੇ ’ਚ ਹੁਣ ਤੱਕ 13 ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆ ਚੁੱਕੀ ਹੈ।

ਇਨ੍ਹਾਂ ਮੁਲਜ਼ਮਾਂ ’ਚੋਂ ਪਹਿਲੇ ਦਿਨ ਕਾਬੂ ਕੀਤੇ ਗਏ 2 ਮੁਲਜ਼ਮਾਂ ਨੀਰਜ ਪੁੱਤਰ ਜੈ ਚੰਦ ਅਤੇ ਜਸਵੰਤ ਸਿੰਘ ਨੂੰ 31 ਅਕਤੂਬਰ ਨੂੰ ਕਾਬੂ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਉਪਰੰਤ ਪੁਲਸ ਵੱਲੋਂ 1 ਨਵੰਬਰ ਨੂੰ 4 ਹੋਰ ਮੁਲਜ਼ਮਾਂ ’ਚ ਸ਼ਾਮਲ ਰੋਹਿਤ ਕੁਮਾਰ, ਲਾਡੀ ਮੰਦਰ, ਦੀਪਾ ਜੱਟ ਅਤੇ ਰਵੀ ਕੁਮਾਰ ਨੂੰ ਹਰਿਆਣਾ ਸੂਬੇ ਦੇ ਸ਼ਹਿਰ ਕੁਰੂਕਸ਼ੇਤਰ ਤੋਂ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ 32 ਬੋਰ ਦੇ 2 ਪਿਸਟਲ ਅਤੇ 5 ਜਿੰਦਾ ਰੋਂਦ ਬਰਾਮਦ ਹੋਏ ਸਨ। ਹੁਣ ਤੱਕ ਪੁਲਸ ਵੱਲੋਂ ਨਾਮਜ਼ਦ 13 ਮੁਲਜ਼ਮਾਂ ’ਚੋਂ 6 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਮਾਮਲੇ ’ਚ ਪਹਿਲਾਂ ਗ੍ਰਿਫਤਾਰ ਕੀਤੇ ਗਏ 2 ਮੁਲਜ਼ਮਾਂ ਨੂੰ ਮੁੜ ਅਤੇ ਕੱਲ ਕਾਬੂ ਕੀਤੇ ਗਏ 4 ਮੁਲਜ਼ਮਾਂ ਸਮੇਤ 6 ਮੁਲਜ਼ਮਾਂ ਨੂੰ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਮਾਨਯੋਗ ਜੱਜ ਨੇ 4 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ।
 

Gurminder Singh

This news is Content Editor Gurminder Singh