ਫਤਿਹਜੰਗ ਦੇ ਘਰ ਅੱਜ ਲੰਚ ਕਰਨਗੇ ਜਾਖੜ, ਪ੍ਰਤਾਪ ਬਾਵਜਾ ਦਿੱਲੀ ''ਚ

09/23/2017 12:23:02 PM

ਗੁਰਦਾਸਪੁਰ (ਰਮਨਦੀਪ ਸਿੰਘ ਸੋਢੀ) — ਗੁਰਦਾਸਪੁਰ ਜ਼ਿਮਨੀ ਚੋਣਾਂ 'ਚ ਸੁਨੀਲ ਜਾਖੜ ਨੂੰ ਟਿਕਟ ਮਿਲਣ ਕਾਰਨ ਨਾ ਸਿਰਫ ਕਾਂਗਰਸ 'ਚ ਧੜੇਬਾਜ਼ੀ ਨਜ਼ਰ ਆਈ ਸਗੋਂ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦੇ ਭਰਾ ਫਤਿਹਜੰਗ ਬਾਜਵਾ ਦੇ ਰਿਸ਼ਤੇ 'ਚ ਦਰਾਰ ਵੀ ਦੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ ਆਪਣੀ ਪਤਨੀ ਲਈ ਟਿਕਟ ਹਾਸਲ ਕਰਨ ਲਈ ਪ੍ਰਤਾਪ ਬਾਜਵਾ ਨੇ ਦਿੱਲੀ ਤਕ ਜ਼ੋਰ ਅਜ਼ਮਾਈਸ਼ ਕੀਤੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਇਨ੍ਹਾਂ ਚੋਣਾਂ ਲਈ ਆਪਣਾ ਉਮੀਦਵਾਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਚੁਣਿਆ। ਜਿਸ ਦੇ ਸਿੱਟੇ ਵਜੋਂ ਪ੍ਰਤਾਪ ਬਾਜਵਾ ਦੀ ਨਾਰਾਜ਼ਗੀ ਨਾ ਸਿਰਫ ਬੀਤੇ ਦਿਨ ਕਾਂਗਰਸ ਆਗੂਆਂ ਵਲੋਂ ਸੁਨੀਲ ਜਾਖੜ ਲਈ ਰੱਖੀ ਗਈ ਰੈਲੀ ਦੌਰਾਨ ਨਜ਼ਰ ਆਈ, ਸਗੋਂ ਇਸ ਦਾ ਅਸਰ ਬਾਜਵਾ ਭਰਾਵਾਂ ਦੇ ਰਿਸ਼ਤੇ 'ਤੇ ਵੀ ਨਜ਼ਰ ਆਇਆ। 
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਤਾਪ ਬਾਜਵਾ ਦੇ ਭਰਾ ਫਤਿਹਜੰਗ ਬਾਜਵਾ ਸੁਨੀਲ ਜਾਖੜ ਨੂੰ ਪੂਰਾ ਸਪੋਰਟ ਦੇ ਰਹੇ ਹਨ ਤੇ ਅੱਜ ਸੁਨੀਲ ਜਾਖੜ ਫਤਿਹਜੰਗ ਬਾਜਵਾ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਵੀ ਜਾ ਰਹੇ ਹਨ, ਜਿਥੇ ਉਹ ਦੁਪਹਿਰ ਦਾ ਭੋਜਨ ਵੀ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਪ੍ਰਤਾਪ ਬਾਜਵਾ ਤੇ ਉਨ੍ਹਾਂ ਦੀ ਪਤਨੀ ਉਥੇ ਮੌਜੂਦ ਨਹੀਂ ਹਨ ਕਿਉਂਕਿ ਉਹ ਪਹਿਲਾਂ ਹੀ ਦਿੱਲੀ ਜਾ ਚੁੱਕੇ ਹਨ, ਜੋ 2,3 ਦਿਨ ਬਾਅਦ ਪੰਜਾਬ ਪਰਤਣਗੇ। 
ਤੁਹਾਨੂੰ ਦੱਸ ਦੇਈਏ ਕਿ ਜਿਥੇ ਨਾਰਾਜ਼ਗੀ ਕਾਰਨ ਪ੍ਰਤਾਪ ਬਾਜਵਾ ਨੇ ਜਾਖੜ ਦੀ ਰੈਲੀ 'ਚ ਸ਼ਮੂਲੀਅਤ ਨਹੀਂ ਕੀਤੀ, ਉਥੇ ਹੀ ਬਾਜਵਾ ਦੇ ਭਰਾ ਫਤਿਹਜੰਗ ਨੇ ਇਸ ਰੈਲੀ 'ਚ ਕਾਂਗਰਸ ਪਾਰਟੀ ਦਾ ਪੂਰਾ ਸਾਥ ਦਿੱਤਾ ਹੈ।