ਭਰਾ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਦੂਲੋ ਵਰਗੀ ਹੋਈ ਸ਼ਰਨਜੀਤ ਢਿੱਲੋਂ ਦੀ ਹਾਲਤ

05/02/2019 9:40:33 AM

ਲੁਧਿਆਣਾ/ਫਤਿਹਗੜ੍ਹ ਸਾਹਿਬ (ਹਿਤੇਸ਼)—ਭਰਾ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ 'ਚ ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਦੀ ਹਾਲਤ ਠੀਕ ਉਸੇ ਤਰ੍ਹਾਂ ਹੀ ਬਣ ਗਈ ਹੈ, ਜਿਵੇਂ ਕਿ ਪਤਨੀ ਤੇ ਬੇਟੇ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ 'ਚ ਸ਼ਮਸ਼ੇਰ ਸਿੰਘ ਦੂਲੋ ਦੀ ਬਣੀ ਹੋਈ ਹੈ।

ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਲੋਕ ਸਭਾ ਚੋਣਾਂ ਦੌਰਾਨ ਨੇਤਾਵਾਂ 'ਚ ਦਲ ਬਦਲਣ ਦੀ ਹੋੜ ਲੱਗੀ ਹੋਈ ਹੈ। ਇਨ੍ਹਾਂ 'ਚੋਂ ਕੁਝ ਨੇਤਾ ਤਾਂ ਟਿਕਟ ਨਾ ਮਿਲਣ ਦੀ ਵਜ੍ਹਾ ਨਾਲ ਪਾਲਾ ਬਦਲ ਰਹੇ ਹਨ ਪਰ ਪਾਰਟੀਆਂ ਬਦਲਣ ਦੇ ਚੱਕਰ 'ਚ ਕਈ ਜਗ੍ਹਾ ਚਰਚਾ ਦੇ ਹਾਲਾਤ ਪੈਦਾ ਹੋ ਗਏ ਹਨ, ਜਿਨ੍ਹਾਂ 'ਚ ਤਾਜ਼ਾ ਮਾਮਲਾ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮੇਸ਼ਰ ਸਿੰਘ ਦੂਲੋ ਨਾਲ ਜੁੜਿਆ ਹੋਇਆ ਹੈ, ਜਿਸ ਦੀ ਪਤਨੀ ਤੇ ਬੇਟਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਫਤਿਹਗੜ੍ਹ ਸਾਹਿਬ ਤੋਂ ਚੋਣ ਲੜ ਰਹੇ ਹਨ। ਇਸ ਨੂੰ ਲੈ ਕੇ ਪਾਰਟੀ ਵਲੋਂ ਦੂਲੋ ਨੂੰ ਕਾਂਗਰਸ ਤੇ ਐੱਮ. ਪੀ. ਤੋਂ ਅਸਤੀਫਾ ਦੇਣ ਦੀ ਸਲਾਹ ਮਿਲ ਚੁੱਕੀ ਹੈ। ਹਾਲਾਂਕਿ ਦੂਲੋ ਨੇ ਪਰਿਵਾਰ ਦੇ ਵਿਚਕਾਰ ਰਿਸ਼ਤੇ ਠੀਕ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਪ੍ਰਤੀ ਵਫਾਦਾਰ ਹੋਣ ਦਾ ਦਾਅਵਾ ਕੀਤਾ ਹੈ।

ਇਹ ਵਿਵਾਦ ਅਜੇ ਸੁਲਝਿਆ ਨਹੀਂ ਸੀ ਕਿ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਢਿੱਲੋਂ ਦੇ ਸਕੇ ਭਰਾ ਅਜਮੇਰ ਸਿੰਘ ਭਾਗਪੁਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਜੁਆਇਨ ਕਰ ਲਈ। ਇਸ ਤੋਂ ਬਾਅਦ ਹੀ ਅਕਾਲੀ ਦਲ ਦੇ ਅੰਦਰ ਤੇ ਬਾਹਰ ਢਿੱਲੋਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ ਉਨ੍ਹਾਂ ਦਾ ਭਰਾ ਅਕਾਲੀ ਸਰਕਾਰ ਦੇ ਸਮੇਂ ਮਿਲਕ ਪਲਾਂਟ ਦਾ ਚੇਅਰਮੈਨ ਰਹਿ ਚੁੱਕਾ ਹੈ ਤੇ ਹੁਣ ਦੂਲੋ ਦੀ ਤਰ੍ਹਾਂ ਪਰਿਵਾਰ ਦੇ ਰਿਸ਼ਤੇ ਠੀਕ ਨਾ ਹੋਣ ਦੀ ਦਲੀਲ ਦਿੱਤੀ ਜਾ ਰਹੀ ਹੈ।

ਫਤਿਹਗੜ੍ਹ ਸਾਹਿਬ ਸੀਟ ਨਾਲ ਜੁੜੇ ਹੋਏ ਹਨ ਦੋਵੇਂ ਮਾਮਲੇ
ਦੂਲੋ ਤੇ ਢਿੱਲੋਂ ਦੇ ਪਰਿਵਾਰਕ ਮੈਂਬਰਾਂ ਵਲੋਂ ਚੋਣ ਮੌਸਮ ਦੌਰਾਨ ਪਾਰਟੀਆਂ ਬਦਲਣ ਦਾ ਮਾਮਲਾ ਫਤਿਹਗੜ੍ਹ ਸਾਹਿਬ ਸੀਟ ਨਾਲ ਜੁੜਿਆ ਹੋਇਆ ਹੈ ਕਿਉਂਕਿ ਦੂਲੋ ਵਲੋਂ ਫਤਿਹਗੜ੍ਹ ਸਾਹਿਬ ਸੀਟ ਤੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਉਨ੍ਹਾਂ ਦਾ ਬੇਟਾ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਿਹਾ ਹੈ। ਇਸੇ ਤਰ੍ਹਾਂ ਢਿੱਲੋਂ ਦਾ ਹਲਕਾ ਸਾਹਨੇਵਾਲ ਵੀ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦਾ ਹੈ ਤੇ ਉਨ੍ਹਾਂ ਦਾ ਭਰਾ ਵੀ ਉਸੇ ਹਲਕੇ 'ਚ ਰਹਿਣ ਵਾਲਾ ਹੈ।

Shyna

This news is Content Editor Shyna