ਕਾਂਗਰਸ ਨੇ ਝੂਠੇ ਵਾਅਦਿਆਂ ਸਹਾਰੇ ਪੰਜਾਬ ਵਾਸੀਆਂ ਨਾਲ ਕੀਤਾ ਵਿਸ਼ਵਾਸਘਾਤ : ਸ਼ਵੇਤ ਮਲਿਕ

03/20/2019 6:25:52 AM

ਅੰਮ੍ਰਿਤਸਰ, (ਵਡ਼ੈਚ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ ‘ਮੈਂ ਵੀ ਚੌਕੀਦਾਰ ਹਾਂ’ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਬਿਆਨਬਾਜ਼ੀ ਨੂੰ ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਆਡ਼ੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ਾਂ ’ਚ ਭਾਰਤ ਨੂੰ ਬੁਲੰਦੀਆਂ ’ਤੇ ਲਿਜਾਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਉਂਗਲੀ ਉਠਾਉਣ ਤੋਂ ਪਹਿਲਾਂ ਕੈਪਟਨ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ। ਜਨਤਾ ਦਾ ਪੇਟ ਭਰਨ ਤੇ ਨੌਕਰੀਆਂ ਦੇਣ ਸਬੰਧੀ ਕੇਂਦਰ ਸਰਕਾਰ ਤੋਂ ਜਵਾਬ ਪੁੱਛਣ ਤੋਂ ਪਹਿਲਾਂ ਕੈਪਟਨ ਪਹਿਲਾਂ ਆਪਣੀਆਂ ਉਪਲਬਧੀਆਂ ਬਾਰੇ ਦੱਸਣ।
ਮੋਦੀ ਸਰਕਾਰ ਐਪ ਜ਼ਰੀਏ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਕੀਤੇ ਇਕ-ਇਕ ਕੰਮ ਤੋਂ ਉਜਾਗਰ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ’ਚ ਫਡ਼ ਕੇ ਪੰਜਾਬ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ। ਕੈਪਟਨ ਨੇ ਆਪਣੀਆਂ ਉਪਲਬਧੀਆਂ ਦੀ ਐਪ ਕਿਉਂ ਨਹੀਂ ਬਣਾਈ। ਕੈਪਟਨ ਸਰਕਾਰ ਵਿਚ ਹਿੰਮਤ ਹੈ ਤਾਂ ਉਹ ਹਰ ਹਫਤੇ ਜਾਂ ਮਹੀਨੇ ਬਾਅਦ ਚੋਣ ਵਾਅਦਿਆਂ ਨੂੰ ਜਨਤਾ ਅੱਗੇ ਜਗ-ਜ਼ਾਹਿਰ ਕਰਨ। ਮਲਿਕ ਨੇ ਕਿਹਾ ਕਿ ਮੋਦੀ ਸਰਕਾਰ ਦੀ ਮੁਹਿੰਮ ਨੂੰ ਜੁਮਲਾ ਕਰਾਰ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦਾ ਕੀ ਮੁਕਾਬਲਾ ਕਰ ਸਕਦੇ ਹਨ। 
ਮਲਿਕ ਨੇ ਕਿਹਾ ਕਿ ਕਾਂਗਰਸ ਨੇ ਲੱਖਾਂ-ਕਰੋਡ਼ਾਂ ਰੁਪਏ ਦੇ ਘਪਲੇ ਕੀਤੇ, ਜਦਕਿ ਭਾਜਪਾ ਦਾ ਹਰ ਨੇਤਾ ਤੇ ਵਰਕਰ ਈਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਤੇ ਹਰ ਕੋਈ ਦੇਸ਼ ਦਾ ਚੌਕੀਦਾਰ ਹੈ। ਜੋ ਕਾਂਗਰਸੀਆਂ ਨੇ 55 ਸਾਲਾਂ ਵਿਚ ਨਹੀਂ ਕੀਤਾ, ਉਹ ਮੋਦੀ ਸਰਕਾਰ ਨੇ 55 ਮਹੀਨਿਆਂ ’ਚ ਕਰ ਦਿਖਾਇਆ ਹੈ। ਕਾਂਗਰਸ ਨੇ ਪੰਜਾਬ ਵਾਸੀਆਂ ਸਮੇਤ ਸਮੂਹ ਦੇਸ਼ਵਾਸੀਆਂ ਨਾਲ ਝੂਠੇ ਵਾਅਦਿਆਂ ਦੇ ਸਹਾਰੇ ਅੱਤਿਆਚਾਰ ਤੇ ਵਿਸ਼ਵਾਸਘਾਤ ਕੀਤਾ ਹੈ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਨੂੰ ਕਿਹਾ ਕਿ ਮੋਦੀ ਸਰਕਾਰ ਨੂੰ ਜਵਾਬ ਕਰਨ ਵਾਲੇ ਪਹਿਲਾਂ ਪੰਜਾਬ ਵਾਸੀਆਂ ਦੇ ਸਵਾਲਾਂ ਦੇ ਜਵਾਬ ਦੇਣ ਅਤੇ ਦੱਸਣ ਕਿ ਚੋÎਣ ਮੈਨੀਫੈਸਟੋ ’ਚ ਕੀਤੇ ਵਾਅਦਿਆਂ ਵਿਚੋਂ ਉਨ੍ਹਾਂ ਨੇ ਕਿੰਨੇ ਪੂਰੇ ਕੀਤੇ ਹਨ।

Bharat Thapa

This news is Content Editor Bharat Thapa