ਮਾਮਲਾ ਪੁਲਸ ਚੌਕੀ ''ਚੋਂ ਫੜੀ ਗਈ ਪੋਸਤ ਦਾ : ਕਾਂਗਰਸੀਆਂ ''ਚ ਦਮ ਹੈ ਤਾਂ ਕੇਸ ਸੀ. ਬੀ. ਆਈ. ਨੂੰ ਦੇਣ : ਜਥੇ. ਮਾਹਲਾ

09/26/2017 1:04:24 PM

ਨੱਥੂਵਾਲਾ ਗਰਬੀ (ਰਾਜਵੀਰ)-ਪਿਛਲੇ ਸਮੇਂ ਚੌਕੀ ਨੱਥੂਵਾਲਾ ਗਰਬੀ 'ਚੋਂ ਫੜੀ ਗਈ ਪੋਸਤ 'ਤੇ ਕਾਂਗਰਸੀ ਰਾਜਨੀਤੀ ਕਰ ਰਹੇ ਹਨ ਪਰ ਇਸ ਕੇਸ ਨਾਲ ਉਨ੍ਹਾਂ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਹ ਪ੍ਰਗਟਾਵਾ ਜਥੇਦਾਰ ਤੀਰਥ ਸਿੰਘ ਮਾਹਲਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਮੋਗਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਥਾਹ ਸ਼ਰਧਾ ਰੱਖਦੇ ਹਨ। ਉਹ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸਹੁੰ ਪਾ ਸਕਦੇ ਹਨ ਕਿ ਉਨ੍ਹਾਂ ਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 
ਉਨ੍ਹਾਂ ਨੇ ਕਾਂਗਰਸੀਆਂ ਨੂੰ ਲਲਕਾਰਦਿਆਂ ਕਿਹਾ ਕਿ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਹੈ, ਜੇਕਰ ਉਨ੍ਹਾਂ ਵਿਚ ਦਮ ਹੈ ਤਾਂ ਉਹ ਇਹ ਕੇਸ ਪੜਤਾਲ ਵਾਸਤੇ ਸੀ. ਬੀ. ਆਈ. ਦੇ ਹਵਾਲੇ ਕਰਨ ਅਤੇ ਉਹ ਪੜਤਾਲ 'ਚ ਪੂਰਾ ਸਹਿਯੋਗ ਦੇਣਗੇ, ਜੇਕਰ ਉਨ੍ਹਾਂ ਦਾ ਇਸ ਕੇਸ 'ਚ ਮਾਮੂਲੀ ਹੱਥ ਵੀ ਸਾਬਿਤ ਹੁੰਦਾ ਹੈ ਤਾਂ ਉਹ ਰਾਜਨੀਤੀ ਤੋਂ ਹਮੇਸ਼ਾ ਵਾਸਤੇ ਸੰਨਿਆਸ ਲੈਣ ਨੂੰ ਤਿਆਰ ਹਨ ਪਰ ਜੇਕਰ ਕਾਂਗਰਸੀ ਅਜਿਹਾ ਨਹੀਂ ਕਰ ਸਕਦੇ ਤਾਂ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਉਸ ਦੇ ਨਾਲ ਚੱਲਣ ਅਤੇ ਸੱਚ ਦਾ ਸਾਹਮਣਾ ਕਰਨ, ਜੇਕਰ ਉਹ ਅਜਿਹਾ ਵੀ ਨਹੀਂ ਕਰ ਸਕਦੇ ਤਾਂ ਫਿਰ ਗਲਤ ਇਲਜ਼ਾਮ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰ ਦੇਣ।  ਜ਼ਿਕਰਯੋਗ ਹੈ ਕਿ ਅਕਾਲੀ ਸਰਕਾਰ ਦੌਰਾਨ ਉਸ ਸਮੇਂ ਦੇ ਐੱਸ. ਐੱਸ. ਪੀ. ਦੀ ਅਗਵਾਈ 'ਚ ਥਾਣਾ ਬਾਘਾਪੁਰਾਣਾ ਦੇ ਐੱਸ. ਐੱਚ. ਓ. ਅਮਰਜੀਤ ਸਿੰਘ ਵੱਲੋਂ ਨੱਥੂਵਾਲਾ ਗਰਬੀ ਪੁਲਸ ਚੌਕੀ ਵਿਚ ਛਾਪਾ ਮਾਰ ਕੇ ਭਾਰੀ ਮਾਤਰਾ 'ਚ ਪੋਸਤ ਬਰਾਮਦ ਕੀਤੀ ਗਈ ਸੀ ਅਤੇ ਚੌਕੀ ਇੰਚਾਰਜ, ਮੁਨਸ਼ੀ ਅਤੇ ਇਕ ਹੌਲਦਾਰ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ। ਇਸ ਦਾ ਕੇਸ ਅੱਜ ਵੀ ਮਾਣਯੋਗ ਅਦਾਲਤ ਵਿਚ ਵਿਚਾਰ ਅਧੀਨ ਹੈ।