ਕਾਂਗਰਸ-ਭਾਜਪਾ ਆਹਮੋ-ਸਾਹਮਣੇ, ਧਰਨੇ 'ਚ ਟਕਰਾਅ ਦਾ ਸ਼ੱਕ

09/16/2017 3:23:14 PM

ਜਲੰਧਰ (ਚੋਪੜਾ, ਪਾਵਹਾ) — ਕਾਂਗਰਸ ਤੇ ਭਾਜਪਾ ਵਲੋਂ ਆਪਣੀ-ਆਪਣੀ ਸਰਕਾਰ ਦੀਆਂ ਉਪਲਬੱਧੀਆਂ ਤੇ ਵਿਰੋਧੀ ਧਿਰਾਂ ਵਲੋਂ ਕੀਤੇ ਭ੍ਰਿਸ਼ਟਾਚਾਰ ਤੇ ਝੂਠੇ ਵਾਅਦਿਆਂ ਦੇ ਖਿਲਾਫ ਸ੍ਰੀ ਰਾਮ ਚੌਕ 'ਚ 16 ਸੰਤਬਰ ਨੂੰ ਧਰਨਾ ਦਿੱਤਾ ਜਾ ਰਿਹਾ ਹੈ। ਦੋਨਾਂ ਪਾਰਟੀਆਂ ਦੇ ਇਕ ਸਮੇਂ 'ਤੇ ਹੀ ਆਹਮੋ-ਸਾਹਮਣੇ ਹੋਣ ਨਾਲ ਆਪਸ 'ਚ ਟਕਰਾਅ ਹੋਣ ਦਾ ਸ਼ੱਕ ਜਤਾਈ ਜਾ ਰਹੀ ਹੈ। ਕਾਂਗਰਸ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਸਾਢੇ 3 ਸਾਲਾ 'ਚ ਕੀਤੇ ਗਏ ਝੂਠੇ ਵਾਅਦਿਆਂ ਤੇ ਸਾਬਕਾ ਬਾਦਲ ਸਰਕਾਰ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਜਾਵੇਗਾ।
ਉਥੇ ਦੂਜੇ ਪਾਸੇ ਜ਼ਿਲਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ 'ਚ ਭਾਜਪਾ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 6 ਮਹੀਨੇ ਦੇ ਕਾਰਜਕਾਲ ਦਾ ਕੱਚਾ ਚਿੱਠਾ ਖੋਲਿਆ ਜਾਵੇਗਾ। ਇਕ ਹੀ ਸਮੇਂ 'ਤੇ ਦੋਨਾਂ ਪਾਰਟੀਆਂ ਦੇ ਆਹਮੋ-ਸਾਹਮਣੇ ਹੋਣ ਨਾਲ ਕੀ ਸਿਆਸੀ ਤਣਾਅ ਦਾ ਮਾਹੌਲ ਬਣਦਾ ਹੈ ਇਹ ਤਾਂ ਪ੍ਰਦਰਸ਼ਨ ਦੇ ਦੌਰਾਨ ਹੀ ਪਤਾ ਚਲੇਗਾ।
ਜ਼ਿਲਾ ਕਾਂਗਰਸ ਪ੍ਰਧਾਨ ਨੂੰ ਧਰਨੇ ਦੀ ਨਹੀਂ ਕੋਈ ਜਾਣਕਾਰੀ
ਕਾਂਗਰਸ ਵਲੋਂ 16 ਸਤੰਬਰ ਨੂੰ ਭਾਜਪਾ ਦੇ ਬਰਾਬਰ ਦਿੱਤੇ ਜਾ ਰਹੇ ਧਰਨੇ ਦੇ ਸੰਦਰਭ 'ਚ ਜ਼ਿਲਾ ਕਾਂਗਰਸ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਸੰਦਰਭ 'ਚ ਆਹਲੂਵਾਲੀਆ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੋਦੀ ਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਖਿਲਾਫ ਕਾਂਗਰਸ ਨੇ ਕਿਸੇ ਧਰਨੇ  ਦਾ ਆਯੋਜਨ ਨਹੀਂ ਕੀਤਾ ਹੈ। ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ 'ਚ ਪੈਦਾ ਹੋਈ ਗੁੱਟਬਾਜ਼ੀ ਵੀ ਧਰਨੇ ਦੌਰਾਨ ਖੁੱਲ੍ਹ ਕੇ ਸਾਹਮਣੇ ਆਏਗੀ।
ਕੈਪਟਨ ਦੀਆਂ ਉਪਲਬੱਧੀਆਂ ਨਾਲ ਸੰਬੰਧਿਤ ਹੋਰਡਿੰਗ ਲਗਾਇਆ
ਕਾਂਗਰਸ ਨੇ ਦੇਰ ਰਾਤ ਸ੍ਰੀ ਰਾਮ ਚੌਕ 'ਤੇ ਇਕ ਹੋਰਡਿੰਗ ਲਗਾਇਆ ਜਿਸ 'ਤੇ ਮੋਦੀ ਸਰਕਾਰ ਦੇ ਝੂਠੇ ਵਾਅਦਿਆਂ ਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦੀਆਂ ਨਾਕਾਮੀਆਂ ਤੇ ਕੈਪਟਨ ਸਰਕਾਰ ਦੀ 6 ਮਹੀਨਿਆਂ ਦੀਆਂ ਉਪਲਬੱਧੀਆਂ ਦਾ ਵਿਸਤਾਰ ਤੇ ਜ਼ਿਕਰ ਕੀਤਾ ਗਿਆ ਹੈ। ਇਸ ਹੋਰਡਿੰਗ 'ਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਹੈਨਰੀ, ਵਿਧਾਇਕ ਰਿੰਕੂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ। ਹੋਰਡਿੰਗ 'ਚ ਮੋਦੀ ਸਰਕਾਰ ਵਲੋਂ ਹਰੇਕ ਖਾਤੇ 'ਚ 15-15 ਲੱਖ ਰੁਪਏ, ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਸਮੇਤ ਅਨੇਕਾਂ ਵਾਅਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜਦ ਕਿ ਬਾਦਲ ਸਰਕਾਰ ਦੇ ਦਿੱਤੇ ਵੇਰਵੇ 'ਚ ਪੰਜਾਬ 'ਚ ਨਸ਼ਿਆਂ, ਬੇਅਦਬੀ ਦੀਆਂ ਘਟਨਾਵਾਂ, ਰਿਅਲ ਅਸਟੇਟ ਕਾਰੋਬਾਰ,  ਇੰਡਸਟਰੀ ਦੇ ਦੂਜੇ ਰਾਜਾਂ 'ਚ ਪਲਾਇਨ, ਗਲਤ ਨੀਤੀਆਂ ਨਾਲ ਵਪਾਰ ਦੇ ਮੰਦੀ ਦੌਰ 'ਚ ਜਾਣ  ਦਾ ਜ਼ਿਕਰ  ਕੀਤਾ ਗਿਆ ਹੈ।
ਉਥੇ ਕੈਪਟਨ ਅਮਰਿੰਦਰ ਸਰਕਾਰ ਦੀ 6 ਮਹੀਨੇ ਦੀਆਂ ਉਪਲਬੱਧੀਆਂ 'ਚ ਨਸ਼ੇ ਤੇ ਨਕੇਲ, ਕਿਸਾਨਾਂ ਦਾ ਕਰਜ਼ ਮੁਆਫ, ਇੰਡਸਟਰੀ ਨੂੰ ਸਸਤੀ ਬਿਜਲੀ, ਅਸ਼ਟਾਮ ਡਿਊਟੀ ਤੇ ਕੁਲੈਕਟਰ ਰੇਟ ਨੂੰ ਘੱਟ ਕਰਨ ਸਮੇਤ ਵਪਾਰ ਨੂੰ ਪ੍ਰਫੂਲਿਤ ਕਰਨ ਦੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ। ਕਾਂਗਰਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਧਰਨੇ 'ਚ ਕਾਂਗਰਸ ਦੇ ਅਹੁਦਾਅਧਿਕਾਰੀਆਂ, ਕਾਊਂਸਲਰਾਂ ਸਮੇਤ ਵਿਧਾਇਕ ਵੀ ਆਪਣੀ ਹਾਜ਼ਰੀ ਦਰਜ ਕਰਵਾਉਣਗੇ।