ਆਵੇਂ ਸਾਡੇ ਨਾਲ, ਜਾਵੇਂ ਕਿਸੇ ਹੋਰ ਨਾਲ...! ਮਾਮਲਾ ਚੋਣ ਨਤੀਜਿਆਂ ਦਾ

12/18/2017 10:07:00 AM

ਲੁਧਿਆਣਾ (ਮੁੱਲਾਂਪੁਰੀ)-ਲੁਧਿਆਣਾ ਜ਼ਿਲੇ ਦੀਆਂ ਚਾਰ ਨਗਰ ਕੌਸਲਾਂ ਮਾਛੀਵਾੜਾ, ਮਲੌਦ, ਸਾਹਨੇਵਾਲ ਅਤੇ ਮੁੱਲਾਂਪੁਰ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਣ 'ਤੇ ਦੀਵਾਲੀ ਵਰਗਾ ਮਾਹੌਲ ਸੀ ਪਰ ਇਸ ਦੇ ਨਾਲ-ਨਾਲ ਇਹ ਨਤੀਜੇ ਹੈਰਾਨ ਕਰਨ ਵਾਲੇ ਸਾਬਤ ਹੋਏ ਹਨ ਕਿਉਂਕਿ ਪਿਛਲੇ 10 ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਤੇ 'ਆਪ' ਦੇ ਉਮੀਦਵਾਰਾਂ ਦੇ ਚੋਣ ਕੰਸੈਪਟਾਂ 'ਚ ਹਲਕਿਆਂ ਦੇ ਵੋਟਰ ਵੱਡੀ ਗਿਣਤੀ 'ਚ ਜਾ ਰਹੇ ਸਨ ਤੇ ਢੋਲੇ ਦੀਆਂ ਲਾ ਰਹੇ ਸਨ।
 ਢਲਦੀ ਸ਼ਾਮ ਨੂੰ ਮੂੰਹ ਕੌੜਾ ਕਰਨ ਤੋਂ ਬਾਅਦ ਵਧੀਆ-ਵਧੀਆ ਗੱਲਾਂ ਕਰ ਕੇ ਅਕਾਲੀ-ਭਾਜਪਾ ਤੇ 'ਆਪ' ਦੇ ਵਿਧਾਇਕਾਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੱਡੇ-ਵੱਡੇ ਦਿਲਾਸੇ ਦੇ ਰਹੇ ਸਨ ਕਿ ਆਪਣੀ ਜਿੱਤ ਤਾਂ ਵੱਟ 'ਤੇ ਪਈ ਹੈ, ਜਿਸ ਨੂੰ ਲੈ ਕੇ ਅਕਾਲੀ-ਭਾਜਪਾ ਅਤੇ 'ਆਪ' ਦੇ ਉਮੀਦਵਾਰ ਉਨ੍ਹਾਂ ਦੀਆਂ ਗੱਲਾਂ 'ਚ ਆ ਕੇ ਪੈਰ ਧਰਤੀ 'ਤੇ ਨਹੀਂ ਲਾ ਰਹੇ ਸਨ ਪਰ ਅੱਜ ਜਦੋਂ ਸ਼ਾਮ ਨੂੰ ਚੋਣ ਨਤੀਜੇ ਆਏ ਤਾਂ ਜ਼ਿਆਦਾਤਰ ਇਲਾਕਿਆਂ 'ਚ ਕਾਂਗਰਸ ਨੇ ਅਕਾਲੀ-ਭਾਜਪਾ ਤੇ 'ਆਪ' ਦੇ ਉਮਦੀਵਾਰਾਂ ਨੂੰ ਧੋਬੀ ਪਟਕਾ ਲਾ ਦਿੱਤਾ। ਅੱਜ ਸ਼ਾਮ ਇਕ ਸੱਜਣ ਨੇ ਚੁਟਕੀ ਲੈਂਦਿਆਂ ਕਿਹਾ ਕਿ ਜ਼ਮਾਨਾ ਬਦਲ ਗਿਆ 'ਕੁੜ-ਕੁੜ ਕਿਤੇ ਤੇ ਅੰਡੇ ਕਿਤੇ ਹੋਰ'।  ਇਕ ਹੋਰ ਨਾਲ ਦੇ ਸੱਜਣ ਨੇ ਕਿਹਾ ਕਿ 'ਬੱਲੇ ਓ ਚਲਾਕ ਸੱਜਣਾ! ਆਵੇਂ ਸਾਡੇ ਨਾਲ, ਜਾਵੇਂ ਕਿਸੇ ਹੋਰ ਨਾਲ'। ਕਿਉਂਕਿ ਹਾਰ ਚੁੱਕੇ ਉਮੀਦਵਾਰਾਂ ਦੀ ਜੇਬ ਇਨ੍ਹਾਂ ਸੱਜਣਾਂ ਨੇ ਇੰਨੀ ਹਲਕੀ ਕਰ ਦਿੱਤੀ ਕਿ ਉਨ੍ਹਾਂ ਨੂੰ ਗੱਲਾਂ-ਬਾਤਾਂ 'ਚ ਲਿਆ ਕੇ ਕਈ ਤਰ੍ਹਾਂ ਦੇ ਸੁਪਨੇ ਦਿਖਾਉਂਦੇ ਰਹੇ ਪਰ ਜਦੋਂ ਅੱਜ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਉਮੀਦਵਾਰਾਂ ਨੇ ਆਪਣੇ ਮੋਬਾਇਲ ਬੰਦ ਕਰ ਲਏ, ਜਿੱਥੇ ਕੱਲ ਤੱਕ ਮੀਟ-ਦਾਰੂ ਦਾ ਦੌਰ ਸੀ ਅੱਜ ਉੱਥੇ ਘਟਾ ਘਨਘੋਰ ਸੀ, ਜਦੋਂ ਕਿ ਜਿੱਤ ਹਾਸਲ ਕਰਨ ਵਾਲਿਆਂ ਦੇ ਵੱਜ ਰਹੇ ਸਨ ਢੋਲ ਅਤੇ ਆਖ ਰਹੇ ਸਨ ਦੈਨ, ਦੈਨ ਮੋਰ.........