ਕਾਂਗਰਸ ਨੇ ਡੰਡੇ ਦੇ ਜ਼ੋਰ ਨਾਲ ਲੁੱਟੀਆਂ ਪੰਚਾਇਤ ਸੰਮਤੀ ਚੋਣਾਂ : ਹਰਪਾਲ ਚੀਮਾ

09/23/2018 9:20:02 AM

ਚੰਡੀਗੜ੍ਹ(ਸ਼ਰਮਾ)— ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਡੰਡੇ ਦੇ ਜ਼ੋਰ 'ਤੇ ਵੋਟਰਾਂ ਨੂੰ ਕੁੱਟ ਕੇ ਲੁੱਟੀਆਂ ਹਨ। ਪੁਲਸ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਨੇ ਸੱਤਾਧਾਰੀ ਕਾਂਗਰਸ ਦੇ ਸੇਵਾ ਦਲ ਵਾਂਗ ਕੰਮ ਕੀਤਾ ਹੈ। 'ਆਪ' ਦੇ ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੇ ਐਲਾਨ ਤੋਂ ਲੈ ਕੇ ਸ਼ਨੀਵਾਰ ਨਤੀਜੇ ਐਲਾਨਣ ਤਕ, ਲੋਕਤੰਤਰ ਵਿਵਸਥਾ ਦੀ ਸੱਤਾਧਾਰੀਆਂ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਅਤੇ ਗੁੰਡਾ ਅਨਸਰਾਂ ਨੇ ਕਦਮ-ਕਦਮ 'ਤੇ ਹੱਤਿਆ ਕੀਤੀ।

ਉਨ੍ਹਾਂ ਕਿਹਾ ਕਿ ਗੁੰਡਾਗਰਦੀ ਤੇ ਬਦਮਾਸ਼ੀ ਦਾ ਜਿੰਨਾ ਨੰਗਾ ਨਾਚ ਐਤਕੀਂ ਵੇਖਣ ਨੂੰ ਮਿਲਿਆ, ਪੰਜਾਬ ਦੇ ਲੋਕਾਂ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ। ਚੀਮਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਪੰਜਾਬ ਭਰ 'ਚ ਸਰਕਾਰੀ ਮਸ਼ੀਨਰੀ ਨੇ ਕਾਂਗਰਸ ਦੇ ਸੇਵਾ ਦਲ ਵਾਂਗ ਕੰਮ ਕੀਤਾ ਅਤੇ ਲਗਭਗ ਹਰੇਕ ਜਗ੍ਹਾ ਔਸਤਨ 60-70 ਵੋਟਾਂ ਬਿਨਾਂ ਵਜ੍ਹਾ ਰੱਦ ਕੀਤੀਆਂ।