ਨੌਜਵਾਨਾਂ ਦੀ ਸੋਚ ''ਤੇ ਹੀ ਕਾਂਗਰਸ ਬਣਾਏਗੀ ਯੂਥ ਪਾਲਿਸੀ : ਨਵਜੋਤ ਸਿੱਧੂ

08/10/2018 2:18:57 PM

ਜਲੰਧਰ, (ਚੋਪੜਾ)—ਕਾਂਗਰਸ ਦੇਸ਼ ਦੇ ਨੌਜਵਾਨਾਂ ਦੀ ਸੋਚ ਦੇ ਆਧਾਰ 'ਤੇ ਯੂਥ ਪਾਲਿਸੀ ਬਣਾਏਗੀ। ਆਲ ਇੰਡੀਆ ਯੂਥ ਕਾਂਗਰਸ ਨੇ ਇਸ ਸਬੰਧੀ ਇਕ ਮੁਹਿੰਮ ਦੀ ਸ਼ੁਰੂਆਤ ਸਥਾਨਕ ਏ. ਪੀ. ਜੇ. ਕਾਲਜ 'ਚ ਯੂਥ ਡਿਬੇਟ ਰਾਹੀਂ ਕੀਤੀ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ, ਸਰਬ ਭਾਰਤੀ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਅਲਾਵਾਰੂ, ਸਰਬ ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਸਿੱਧੂ ਨੇ ਕਿਹਾ ਕਿ ਭਾਰਤ ਦੀ 56 ਫੀਸਦੀ ਆਬਾਦੀ ਨੌਜਵਾਨ ਹੈ ਪਰ ਅੱਜ ਵੀ ਅਸੀਂ ਆਪਣੇ ਬੱਚਿਆਂ 'ਤੇ ਆਪਣੇ ਫੈਸਲੇ ਠੋਸਦੇ ਹਾਂ ਅਤੇ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਭਵਿੱਖ ਲਈ ਇੰਝ ਕਰੋ ਜਾਂ ਇੰਝ ਨਾ ਕਰੋ। ਕਾਂਗਰਸ ਪਾਰਟੀ ਦੇਸ਼ ਵਿਚ ਅਜਿਹੇ ਪ੍ਰੋਗਰਾਮ ਕਰਵਾ ਕੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕਰੇਗੀ ਅਤੇ ਉਨ੍ਹਾਂ ਕੋਲੋਂ ਪੁੱਛੇਗੀ ਕਿ ਉਨ੍ਹਾਂ ਦੀ ਕੀ ਸੋਚ ਹੈ, ਕਿਹੋ ਜਿਹੇ ਵਿਚਾਰ ਹਨ ਅਤੇ ਉਹ ਕਿਸ ਤਰ੍ਹਾਂ ਦਾ ਯੰਗ ਇੰਡੀਆ ਚਾਹੁੰਦੇ ਹਨ। ਦੇਸ਼ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਵਿਚ ਨੌਜਵਾਨਾਂ ਦੀ ਭਾਈਵਾਲੀ ਬਣਾ ਕੇ ਰਾਹੁਲ ਗਾਂਧੀ ਨਵੀਂ ਯੂਥ ਨੀਤੀ ਤਿਆਰ ਕਰਨਗੇ। 2019 ਵਿਚ ਕਾਂਗਰਸ ਦੀ ਸਰਕਾਰ ਬਣਨ ਪਿੱਛੋਂ ਇਸ ਸੋਚ ਨੂੰ ਪੂਰਾ ਕਰਦੇ ਹੋਏ ਨਵੇਂ ਭਾਰਤ ਦਾ ਨਿਰਮਾਣ ਕੀਤਾ ਜਾਏਗਾ।

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਦੂਰਅੰਦੇਸ਼ੀ ਸੋਚ 'ਤੇ ਅਮਲ ਕਰਦੇ ਹੋਏ ਪਹਿਲੀ ਵਾਰ ਕਾਂਗਰਸ ਨੇ ਇਕ ਅਜਿਹਾ ਪਲੇਟਫਾਰਮ ਤਿਆਰ ਕੀਤਾ ਹੈ, ਜਿਸ 'ਤੇ ਨੌਜਵਾਨ ਬਿਨਾਂ ਝਿਜਕ ਆਪਣੇ ਮਨ ਦੀ ਗੱਲ ਰੱਖ ਸਕਣ। ਇਸ ਕ੍ਰਾਂਤੀਕਾਰੀ ਕਦਮ ਨਾਲ ਜਿਥੇ ਉਨ੍ਹਾਂ ਦੀ ਸਿੱਖਿਆ, ਰੋਜ਼ਗਾਰ ਸਮੇਤ ਮੁੱਦੇ ਦੇਸ਼ ਵਿਚ ਕੇਂਦਰ ਬਿੰਦੂ ਬਣਨਗੇ, ਉਥੇ ਨੌਜਵਾਨਾਂ ਨੂੰ ਆਪਣਾ ਭਵਿੱਖ ਖੁਦ ਲੱਭਣ ਦੇ ਯੋਗ ਵੀ ਬਣਾਇਆ ਜਾ ਸਕੇਗਾ। ਉਨ੍ਹਾਂ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਸੈਟਲ ਹੋਣ ਦੇ ਵਧਦੇ ਰੁਝਾਨ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਵੀਂ ਪਾਲਿਸੀ ਰਾਹੀਂ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਜਾਵੇਗਾ ਕਿ ਦੇਸ਼ ਅਤੇ ਪੰਜਾਬ ਵਿਚ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਹਨ।

ਕ੍ਰਿਸ਼ਨਾ ਅਲਾਵਾਰੂ ਨੇ ਕਿਹਾ ਕਿ ਦੇਸ਼ ਵਿਚ ਔਰਤਾਂ ਅਤੇ ਦਲਿਤਾਂ ਨੂੰ ਬਰਾਬਰ ਦਾ ਅਧਿਕਾਰ ਦੇਣ ਅਤੇ ਨੌਜਵਾਨਾਂ ਦੇ ਵਿਕਾਸ ਨਾਲ ਹੀ ਦੇਸ਼ ਸ਼ਾਂਤੀ ਵਲ ਅੱਗੇ ਵਧ ਸਕਦਾ ਹੈ। ਏਕਤਾ ਅਤੇ ਅਖੰਡਤਾ ਤਦ ਹੀ ਕਾਇਮ ਰਹਿ ਸਕਦੀ ਹੈ ਜਦੋਂ ਸਭ ਧਰਮਾਂ ਦੇ ਲੋਕ ਮਿਲ ਕੇ ਦੇਸ਼ ਬਾਰੇ ਸੋਚਣਗੇ। ਅੱਜ ਕੇਂਦਰ ਸਰਕਾਰ ਦੇਸ਼ ਨੂੰ ਧਰਮ ਅਤੇ ਜਾਤੀ ਦੇ ਨਾਂ 'ਤੇ ਵੰਡਣ ਦੀ ਸਿਆਸਤ ਕਰ ਰਹੀ ਹੈ।
ਕੇਸ਼ਵ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਦੇ 4 ਸਾਲ ਦੇ ਰਾਜਕਾਲ ਵਿਚ ਗਰੀਬਾਂ, ਦਲਿਤਾਂ, ਪੱਛੜੇ ਵਰਗਾਂ ਅਤੇ ਹੋਰਨਾਂ ਲੋਕਾਂ ਦੇ ਹੋ ਰਹੇ ਸ਼ੋਸ਼ਣ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਹੁਣ ਨੌਜਵਾਨ ਇਸ ਮੰਚ ਤੋਂ ਅਜਿਹੇ ਸਿਆਸਤਦਾਨਾਂ ਨੂੰ ਸ਼ੀਸ਼ਾ ਦਿਖਾਉਣਗੇ ਜੋ ਅਰਾਜਕਤਾ ਭਰੇ ਮਾਹੌਲ ਦੇ ਬਾਵਜੂਦ ਚੁਪ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਪ੍ਰੋਗਰਾਮ ਹੋਵੇਗਾ, ਜਿਥੇ ਨੌਜਵਾਨ ਸਟੇਜ ਤੋਂ ਬੋਲਣਗੇ ਅਤੇ ਦੇਸ਼ ਦੇ ਨੇਤਾ ਹੇਠਾਂ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਨੂੰ ਸੁਣਨਗੇ।

ਅਮਰਪ੍ਰੀਤ ਲਾਲੀ ਨੇ ਕਿਹਾ ਕਿ ਨੌਜਵਾਨਾਂ ਦੀ ਸਿਆਸਤ ਵਿਚ ਭੂਮਿਕਾ ਤੈਅ ਕਰਨ ਲਈ ਉਕਤ ਮੁਹਿੰਮ ਵੱਡੀ ਭੂਮਿਕਾ ਨਿਭਾਏਗੀ। ਅੱਜ ਦੇਸ਼ ਵਿਚ ਇਕ ਸੋਚ ਰਾਹੀਂ ਜਾਤੀਵਾਦ ਅਤੇ ਨਫਰਤ ਦੀ ਸਿਆਸਤ ਹੋ ਰਹੀ ਹੈ। ਉਥੇ ਦੂਜੀ ਸੋਚ ਸਰਬ ਧਰਮ ਦੇ ਵਿਕਾਸ ਦੀ ਹੈ। ਹੁਣ ਲੜਾਈ ਦੋ ਵੱਖ-ਵੱਖ ਸੋਚਾਂ ਅਤੇ ਵਿਚਾਰਧਾਰਾ ਦੀ ਹੈ। ਨੌਜਵਾਨਾਂ ਨੇ ਖੁਦ ਫੈਸਲਾ ਕਰਨਾ ਹੈ ਕਿ ਉਹ ਕਿਸ ਤਰ੍ਹਾਂ ਦੀ ਸੋਚ ਨਾਲ ਜੁੜਨਾ ਚਾਹੁੰਦੇ ਹਨ।
ਗੌਤਮ ਸੇਠ ਨੇ ਕਿਹਾ ਕਿ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਆਪਣੀ ਗੱਲ ਰੱਖਣ ਦਾ ਮੰਚ ਮਿਲ ਗਿਆ ਹੈ। ਸਾਡੇ ਦੇਸ਼ ਦੀ ਸਿਆਸਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਉਨ੍ਹਾਂ ਨੂੰ ਕੀ ਉਮੀਦਾਂ ਹਨ, ਬਾਰੇ ਜਾਣਨ ਦਾ ਮੌਕਾ ਮਿਲ ਗਿਆ ਹੈ। ਸ਼ਹੀਦ ਭਗਤ ਸਿੰਘ ਦਾ ਮੰਨਣਾ ਸੀ ਕਿ ਕਿਸੇ ਵਿਅਕਤੀ ਨੂੰ ਤਾਂ ਦਬਾਇਆ ਜਾ ਸਕਦਾ ਹੈ ਪਰ ਉਸ ਦੇ ਵਿਚਾਰਾਂ ਨੂੰ ਨਹੀਂ ਦਬਾਇਆ ਜਾ ਸਕਦਾ। ਨੌਜਵਾਨ ਵੋਟਰਾਂ ਦੀ ਨਜ਼ਰ ਵਿਚ ਸਿਆਸਤ ਇਕ ਗੰਦੀ ਖੇਡ ਹੈ ਪਰ ਦੇਸ਼ ਦੀ ਸਿਆਸਤ ਵਿਚ ਨੌਜਵਾਨਾਂ ਦਾ ਰੋਲ ਬਹੁਤ ਜ਼ਰੂਰੀ ਹੈ। ਉਹ ਕਿਸੇ ਵੀ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ।

ਇਸ ਦੌਰਾਨ ਯੂਥ ਕਾਂਗਰਸ ਜਲੰਧਰ ਲੋਕ ਸਭਾ ਹਲਕੇ ਦੇ ਪ੍ਰਧਾਨ ਅਸ਼ਵਨ ਭੱਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ 'ਤੇ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਹੇਮੰਤ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਸੂਬਾਈ ਕਾਂਗਰਸ ਦੇ ਬੁਲਾਰੇ ਗੌਤਮ ਸੇਠ, ਕਮਲਜੀਤ ਸਿੰਘ ਬਰਾੜ, ਐੱਨ. ਐੱਸ. ਯੂ.ਆਈ. ਦੇ ਕੌਮੀ ਸਕੱਤਰ ਇਕਬਾਲ ਸਿੰਘ ਗਰੇਵਾਲ, ਕਾਕੂ ਆਹਲੂਵਾਲੀਆ, ਰਾਜਿੰਦਰ ਪਾਲ ਸਿੰਘ ਰਾਣਾ ਰੰਧਾਵਾ, ਪੂਨਮ ਕਾਂਗੜਾ ਅਤੇ ਹੋਰ ਵੀ ਮੌਜੂਦ ਸਨ।