ਵਿਵਾਦਾਂ ''ਚ ਕਾਂਗਰਸ ਦਾ ਇਕ ਹੋਰ ਵਿਧਾਇਕ, ਸਕੂਲ ਦੀ ਪ੍ਰਿੰਸੀਪਲ ਨੇ ਲਗਾਏ ਗੰਭੀਰ ਦੋਸ਼

11/21/2017 7:27:42 PM

ਚੰਡੀਗੜ੍ਹ (ਮਨਮੋਹਨ) : ਰਾਜਪੁਰਾ ਤੋਂ ਕਾਂਗਰਸ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ 'ਤੇ ਇਕ ਸਕੂਲ ਪ੍ਰਿੰਸੀਪਲ ਨੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਉਕਤ ਸਕੂਲ ਪ੍ਰਿੰਸੀਪਲ ਨੇ ਵਿਧਾਇਕ ਹਰਦਿਆਲ ਸਿੰਘ ਦੇ ਸਮਰਥਕਾਂ 'ਤੇ ਧਮਕੀਆਂ ਦੇਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐੱਮ. ਐੱਲ. ਏ. ਕੰਬੋਜ ਦੇ ਕਹਿਣ 'ਤੇ ਹੀ ਸਕੂਲ ਵਿਚ ਗਲਤ ਕੰਮ ਹੋ ਰਹੇ ਹਨ। ਪ੍ਰਿੰਸੀਪਲ ਨੇ ਕਿਹਾ ਕਿ ਗਲਤ ਢੰਗ ਨਾਲ ਸਕੂਲ ਦੇ ਬੱਚਿਆਂ ਨੂੰ ਪਾਸ ਕੀਤਾ ਜਾ ਰਿਹਾ ਹੈ ਅਤੇ ਜਦੋਂ ਉਨ੍ਹਾਂ ਨੇ ਸਕੂਲ ਵਿਚ ਹੋ ਰਹੇ ਗਲਤ ਕੰਮਾਂ ਦਾ ਵਿਰੋਧ ਕੀਤਾ ਤਾਂ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਨੂੰ ਪੰਜਾਬ ਵਿਚ ਬਣਿਆ ਅਜੇ ਕੁਝ ਮਹੀਨਿਆਂ ਦਾ ਸਮਾਂ ਹੀ ਹੋਇਆ ਹੈ ਅਤੇ ਇਹ ਦੂਸਰਾ ਮਾਮਲਾ ਹੈ ਜਦੋਂ ਪਾਰਟੀ ਦੇ ਵਿਧਾਇਕ ਵਿਵਾਦਾਂ ਵਿਚ ਆਏ ਹੋਣ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਰੇਤ ਖੱਡ ਮਾਮਲੇ ਨੂੰ ਲੈ ਕੇ ਵਿਵਾਦਾਂ ਵਿਚ ਆਏ ਸਨ।