ਕਾਂਗਰਸ ਨੇ ਚੋਣਾਂ ਵਿਚ ਔਰਤਾਂ ਨੂੰ 50 ਫੀਸਦੀ ਕੋਟਾ ਦਿੱਤਾ : ਬ੍ਰਹਮ ਮਹਿੰਦਰਾ

09/16/2018 9:05:12 AM

ਪਟਿਆਲਾ (ਜ. ਬ.)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਗ੍ਰਾਮ ਪੰਚਾਇਤ ਚੋਣਾਂ ਵਿਚ ਔਰਤਾਂ ਨੂੰ 50 ਫੀਸਦੀ ਕੋਟਾ ਦੇ ਕੇ ਔਰਤਾਂ ਦਾ ਮਾਣ ਅਤੇ ਸਨਮਾਨ ਵਧਾਇਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਹਲਕਾ ਬਾਰਨ, ਕਸਿਆਣਾ, ਚਲੈਲਾ, ਲੰਗ, ਢੀਂਡਸਾ ਪੰਪ, ਰਣਜੀਤ ਨਗਰ ਅਤੇ ਲਚਕਾਣੀ ਸਮੇਤ ਵੱਖ-ਵੱਖ ਥਾਵਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਭਰਵੇਂ ਚੋਣ ਪ੍ਰਚਾਰ ਦੌਰਾਨ ਕੀਤਾ।

ਬ੍ਰਹਮ ਮਹਿੰਦਰਾ ਨੇ ਰਾਜਵੀਰ ਸਿੰਘ, ਸੁਖਵਿੰਦਰ ਕੌਰ, ਗੁਰਧਿਆਨ ਸਿੰਘ, ਹਰਬੀਰ ਸਿੰਘ, ਪ੍ਰਦੀਪ ਕੌਰ, ਉਰਮਲਾ ਅਤੇ ਵਿਜੇ ਸ਼ਰਮਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਵਪੱਖੀ ਵਿਕਾਸ ਲਈ ਕਾਂਗਰਸੀ ਉਮੀਦਵਾਰਾਂ ਨੂੰ ਵੱਡੀ ਲੀਡ 'ਤੇ ਜਿਤਾਓ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਹੀ ਭਾਰਤ ਵਿਚ ਪੰਚਾਇਤੀ ਰਾਜ ਲਾਗੂ ਕਰ ਕੇ ਪੰਚਾਇਤਾਂ ਨੂੰ ਸਿੱਧੇ ਤੌਰ 'ਤੇ ਖੁਦਮੁਖਤਿਆਰੀ ਦਿੱਤੀ ਅਤੇ ਕਾਂਗਰਸ ਪਾਰਟੀ ਨੇ ਔਰਤਾਂ ਲਈ ਰਿਜ਼ਰਵੇਸ਼ਨ ਦੀ ਸ਼ੁਰੂਆਤ ਵੀ ਕੀਤੀ। ਇਸ ਮੌਕੇ ਵੱਖ-ਵੱਖ ਪਿੰਡਾਂ ਵਿਖੇ ਉਮੀਦਵਾਰਾਂ ਅਤੇ ਇਲਾਵਾ ਇਲਾਕਾ ਨਿਵਾਸੀਆਂ ਵਲੋਂ ਬ੍ਰਹਮ ਮਹਿੰਦਰਾ ਨੂੰ ਸਨਮਾਨਤ ਵੀ ਕੀਤਾ ਗਿਆ।

ਪਟਿਆਲਾ ਦਿਹਾਤੀ ਹਲਕੇ 'ਚ ਕਾਂਗਰਸ ਵਲੋਂ ਅਕਾਲੀ ਤੇ 'ਆਪ' ਨੂੰ ਵੱਡਾ ਝਟਕਾ—
ਕਾਂਗਰਸ ਪਾਰਟੀ ਵਲੋਂ ਬੀਤੇ ਦਿਨ ਪਟਿਆਲਾ ਦਿਹਾਤੀ ਹਲਕੇ ਵਿਚ ਪੰਚਾਇਤੀ ਚੋਣਾਂ ਵਿਚ ਵੱਡਾ ਉਲਟ ਫੇਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪਿੰਡ ਰੋਹਟੀ ਛੰਨਾ ਤੇ ਚਲੈਲਾ ਤੋਂ ਮੌਜੂਦਾ ਸਰਪੰਚ ਆਪਣੇ ਸਾਥੀਆਂ ਸਮੇਤ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਬੈਠਦੇ ਹੋਏ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਹਰਦੀਪ ਖੱਟੜਾ ਅਕਾਲੀ ਦਲ ਦੇ ਸਰਪੰਚ ਪਿੰਡ ਰੋਹਟੀ ਛੰਨਾਂ ਤੇ ਪਰਗਟ ਸਿੰਘ ਪਿੰਡ ਚਲੈਲਾ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ।

ਇਸ ਮੌਕੇ ਬ੍ਰਹਮ ਮਹਿੰਦਰਾ ਨੇ ਸ਼ਾਮਲ ਹੋਏ ਆਗੂਆਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰਨ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਦਾ ਰੁਝਾਨ ਕਾਂਗਰਸ ਪਾਰਟੀ ਵੱਲ ਵੱਧਦਾ ਜਾ ਰਿਹਾ ਹੈ ਅਤੇ ਮੌਜੂਦਾ ਪੰਚਾਇਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਨਗੇ ਅਤੇ ਅਕਾਲੀ ਦਲ ਅਤੇ 'ਆਪ' ਦਾ ਸੁਪੜਾ ਸਾਫ ਹੋ ਜਾਵੇਗਾ।