ਮਹਿਲਾ ਕਾਂਗਰਸੀ ਆਗੂ ਦੇ ਪਤੀ ਖਿਲਾਫ਼ ਨਜਾਇਜ਼ ਸ਼ਰਾਬ ਦਾ ਮਾਮਲਾ ਦਰਜ

10/26/2019 6:03:25 PM

ਮਾਛੀਵਾੜਾ ਸਾਹਿਬ, ਸਾਹਨੇਵਾਲ (ਟੱਕਰ,ਜਗਰੂਪ)- ਕੂੰਮਕਲਾਂ ਪੁਲਸ ਵਲੋਂ ਸ਼ਨੀਵਾਰ ਨੂੰ 248 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਇਸ ਦੀ ਤਸਕਰੀ ਦੇ ਕਥਿਤ ਦੋਸ਼ ਹੇਠ ਹਰਦੀਪ ਸਿੰਘ ਅਤੇ ਇੰਦਰਜੀਤ ਸਿੰਘ ਇੰਦੀ ਵਾਸੀ ਸਾਹਨੇਵਾਲ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰਣਧੀਰ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਉਸ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇਕ ਨਜਾਇਜ਼ ਸ਼ਰਾਬ ਦਾ ਭਰਿਆ ਟਰੱਕ ਸਾਹਨੇਵਾਲ ਦੇ ਪੁਰਾਣੇ ਬਾਜ਼ਾਰ ਨੇੜੇ ਖੜ੍ਹਾ ਹੈ ਜਿਸ 'ਤੇ ਪੁਲਸ ਨੇ ਤੁਰੰਤ ਜਾ ਕੇ ਛਾਪੇਮਾਰੀ ਕੀਤੀ ਤਾਂ ਪੁਲਸ ਨੂੰ ਦੇਖ ਕੇ ਟਰੱਕ ਵਿਚ ਬੈਠੇ ਹਰਦੀਪ ਸਿੰਘ ਅਤੇ ਇੰਦਰਜੀਤ ਸਿੰਘ ਇੰਦੀ ਵਾਸੀ ਸਾਹਨੇਵਾਲ ਫ਼ਰਾਰ ਹੋ ਗਏ। ਪੁਲਸ ਵਲੋਂ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 248 ਪੇਟੀਆਂ ਨਜਾਇਜ਼ ਸ਼ਰਾਬ ਜੋ ਪੰਜਾਬ ਵਿਚ ਨਾ-ਵਿਕਣਯੋਗ ਹਨ ਬਰਾਮਦ ਕੀਤੀਆਂ ਗਈਆਂ। ਪੁਲਸ ਵਲੋਂ ਟਰੱਕ ਵਿਚ ਸਵਾਰ ਹਰਦੀਪ ਸਿੰਘ ਅਤੇ ਇੰਦੀ ਖਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। 

ਜਾਣਕਾਰੀ ਅਨੁਸਾਰ ਪੁਲਸ ਵਲੋਂ ਦਰਜ ਕੀਤੇ ਗਏ, ਇਸ ਨਜਾਇਜ਼ ਸ਼ਰਾਬ ਦੇ ਮਾਮਲੇ 'ਚ ਇਕ ਵਿਅਕਤੀ ਹਲਕਾ ਸਾਹਨੇਵਾਲ ਦੀ ਮਹਿਲਾ ਕਾਂਗਰਸ ਆਗੂ ਦਾ ਪਤੀ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਹਲਕਾ ਸਾਹਨੇਵਾਲ ਦੇ ਸਿਆਸੀ ਆਗੂਆਂ ਵਿਚ ਇਸ ਗੱਲ ਦਾ ਕਾਫ਼ੀ ਚਰਚਾ ਛਿੜੀ ਰਹੀ। ਜਦੋਂ ਇਸ ਮਾਮਲੇ ਸਬੰਧੀ ਮਹਿਲਾ ਕਾਂਗਰਸੀ ਆਗੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਟਰੱਕ ਮੇਰੇ ਪਤੀ ਦਾ ਹੈ ਪਰ ਇਸ ਨੂੰ ਚਲਾਉਣ ਲਈ ਡਰਾਇਵਰ ਕੱਲ ਸ਼ਾਮ ਨੂੰ ਲੈ ਕੇ ਗਿਆ ਸੀ, ਉਹ ਕਿੱਥੇ ਲੈ ਕੇ ਗਿਆ ਇਸ ਬਾਰੇ ਸਾਨੂੰ ਕੁੱਝ ਨਹੀਂ ਪਤਾ। ਟਰੱਕ 'ਚੋਂ ਬਰਾਮਦ ਹੋਈ ਨਜਾਇਜ਼ ਸਰਾਬ ਨਾਲ ਉਨ੍ਹਾਂ ਦੇ ਪਤੀ ਦਾ ਕੋਈ ਸਬੰਧ ਨਹੀਂ ਹੈ ਅਤੇ ਟਰੱਕ ਵੀ ਡਰਾਇਵਰ ਦੇ ਘਰ ਨੇੜ੍ਹੇ ਹੀ ਪੁਲਸ ਨੂੰ ਮਿਲਿਆ।

Gurminder Singh

This news is Content Editor Gurminder Singh