ਕਾਂਗਰਸ ਨੂੰ ਲੱਗਿਆ ਝਟਕਾ, 30 ਪਰਿਵਾਰ ਕਾਂਗਰਸ ਛੱਡ ਅਕਾਲੀ ਦਲ ''ਚ ਸ਼ਾਮਲ

09/11/2020 6:07:54 PM

ਮੋਗਾ (ਗੋਪੀ ਰਾਊਕੇ) : ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਿਆ ਜਦੋਂ ਵਿਧਾਇਕ ਹਰਜੋਤ ਕਮਲ ਦੇ ਦਫ਼ਤਰ ਦੀ ਸਾਬਕਾ ਦਫ਼ਤਰ ਇੰਚਾਰਜ ਬੀਬੀ ਸਰਬਜੀਤ ਕੌਰ ਅਤੇ ਪੰਜਾਬ ਇੰਟਕ ਸ਼ਹਿਰੀ ਦੇ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਸਮੇਤ ਵਾਰਡ ਨੰਬਰ 20 ਅਤੇ ਵਾਰਡ ਨੰਬਰ 16 ਤੋਂ 30 ਪਰਿਵਾਰਾਂ ਨੇ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਹੋ ਕੇ ਹਲਕਾ ਮੋਗਾ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਾ ਪੱਲਾ ਫੜਿਆ। ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਕਾਂਗਰਸੀ ਪਰਿਵਾਰਾਂ ਨੂੰ ਜੀ ਆਇਆਂ ਕਰਦਿਆਂ ਕਿਹਾ ਕਿ ਸਾਢੇ 3 ਸਾਲ ਪਹਿਲਾਂ ਹੱਥ ਵਿਚ ਸ੍ਰੀ ਗੁਟਕਾ ਸਾਹਿਬ ਫੜ ਕੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਹਾਸਲ ਕਰ ਚੁੱਕੀ ਕੈਪਟਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ, ਜਿਸ ਕਰਕੇ ਦਿਨੋਂ-ਦਿਨ ਲੋਕ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਬਰਾੜ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣ 'ਤੇ ਜੋ ਵੀ ਸਮੱਸਿਆਵਾਂ ਜਾਂ ਮਸਲੇ ਹੋਣਗੇ, ਉਹ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ।

ਬਰਜਿੰਦਰ ਸਿੰਘ ਬਰਾੜ ਵਲੋਂ ਸੁਖਵਿੰਦਰ ਸਿੰਘ ਬਰਾੜ ਦਾ ਉਚੇਚੇ ਤੌਰ 'ਤੇ ਧੰਨਵਾਦ ਵੀ ਕੀਤਾ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਕਤ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਸੁਖਵਿੰਦਰ ਬਰਾੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਹੋਰ ਵੀ ਵੱਡਾ ਧਮਾਕਾ ਕਰੇਗਾ ਅਤੇ ਕਾਂਗਰਸ ਤੇ ਆਪ ਨੂੰ ਛੱਡ ਕੇ ਕਈ ਵੱਡੇ ਚਿਰੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣਗੇ। ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿਚ ਬੀਬੀ ਸਰਬਜੀਤ ਕੌਰ, ਕੁਲਵਿੰਦਰ ਕੌਰ, ਮਹਿੰਦਰ ਕੌਰ, ਜਸਵੀਰ ਕੌਰ, ਗੁਰਦੇਵ ਕੌਰ, ਪਵਨ ਸਿੰਘ, ਸੁਖਦੀਪ ਸਿੰਘ ਸੀਪਾ, ਗੁਰਬਾਜ਼ ਸਿੰਘ, ਜਗਦੀਸ਼ ਸਿੰਘ, ਸੁਖਵਿੰਦਰ ਸਿੰਘ, ਪਰਗਟ ਸਿੰਘ, ਮਨਪ੍ਰੀਤ ਸਿੰਘ, ਰਾਮ ਸਿੰਘ, ਸਿਕੰਦਰ ਸਿੰਘ ਆਦਿ ਹਨ। ਇਸ ਮੌਕੇ ਸੁਖਵਿੰਦਰ ਸਿੰਘ ਬਰਾੜ ਤੋਂ ਇਲਾਵਾ ਰਣਜੋਧ ਸਿੰਘ ਜੋਧਾ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

Gurminder Singh

This news is Content Editor Gurminder Singh