ਮੰਗਾਂ ਨੂੰ ਲੈ ਕੇ ਕਾਮਰੇਡਾਂ ਨੇ ਸਬ-ਤਹਿਸੀਲ ''ਚ ਲਹਿਰਾਏ ਲਾਲ ਝੰਡੇ

01/16/2018 11:17:32 AM

ਲੋਹੀਆਂ ਖਾਸ (ਮਨਜੀਤ)— ਭਾਰਤ ਨਿਰਮਾਣ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਲਾਲ ਝੰਡੇ ਲੈ ਕੇ ਸ਼ਹਿਰ 'ਚ ਰੋਸ ਮਾਰਚ ਕੱਢਦਿਆਂ ਸਥਾਨਕ ਸਬ-ਤਹਿਸੀਲ ਵਿਚ ਧਰਨਾ ਦਿੰਦੇ ਹੋਏ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਲਾਲ ਝੰਡੇ ਲਹਿਰਾਏ ਗਏ। ਇਸ ਮੌਕੇ 'ਤੇ ਦਫਤਰ ਮੂਹਰੇ ਧਰਨਾ ਦੇ ਰਹੇ ਲੋਕਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਕਾਮਰੇਡ ਸੁਰਿੰਦਰ ਖੀਵਾ ਅਤੇ ਜਸਕਰਨਜੀਤ ਸਿੰਘ ਕੰਗ ਨੇ ਕਿਹਾ ਕਿ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਪੂਰੇ ਜ਼ਿਲੇ ਵਿਚ ਬੰਦ ਪਈ ਹੈ। ਲੰਬੇ ਸਮੇਂ ਤੋਂ ਸ਼ਗਨ ਸਕੀਮ ਦੀਆਂ ਅਰਜ਼ੀਆਂ ਵੀ ਨਹੀਂ ਲਈਆਂ ਜਾ ਰਹੀਆਂ। 
ਧਰਨਾਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਲਾਕ ਪੱਧਰ 'ਤੇ ਉਸਾਰੀ ਮਜ਼ਦੂਰ ਭਲਾਈ ਬੋਰਡ ਦੇ ਦਫਤਰ ਖੋਲ੍ਹੇ ਜਾਣ, ਸ਼ਗਨ ਸਕੀਮ ਇਕਵੰਜਾ ਹਜ਼ਾਰ ਰੁਪਏ ਕੀਤੀ ਜਾਵੇ, ਨਰੇਗਾ ਮਜ਼ਦੂਰਾਂ ਦੇ ਕੀਤੇ ਕੰਮਾਂ ਦੇ ਬਕਾਏ ਜਲਦ ਦਿੱਤੇ ਜਾਣ, ਕੰਮ ਘੱਟੋ-ਘੱਟ ਦੋ ਸੌ ਦਿਨ ਦਿੱਤਾ ਜਾਵੇ, ਜਦਕਿ ਕੰਮ ਨਾ ਦੇਣ ਦੀ ਸੂਰਤ ਵਿਚ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ। 
ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਯੂਨੀਅਨ ਹੁਣ ਸੜਕਾਂ ਹੀ ਨਹੀਂ ਜਾਮ ਕਰੇਗੀ ਸਗੋਂ ਵੱਡੇ ਪੱਧਰ 'ਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰੇਗੀ, ਜਦਕਿ ਨਾਇਬ ਤਹਿਸੀਲਦਾਰ ਨਾ ਹੋਣ ਦੀ ਸੂਰਤ ਵਿਚ ਰੀਡਰ ਨੂੰ ਮੰਗ ਪੱਤਰ ਦੇ ਕੇ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਕਿਸਾਨ ਆਗੂ ਕੇਵਲ ਸਿੰਘ ਦਾਨੇਵਾਲ, ਨਿਰਮਲ ਨੂਰ, ਬੂਟਾ ਸਿੰਘ ਪਿੱਪਲੀ, ਬੰਤਾ ਸਿੰਘ, ਮਿਲਖਾ, ਜੋਗਾ, ਬਲਵੀਰ ਬੀਰਾ, ਮਲਕੀਤ ਸਿੰਘ ਮੰਡਾਲਾ, ਜਸਕਰਨ ਸਿੰਘ, ਪਰਮਿੰਦਰ ਰਿਡਾਨ ਆਦਿ ਮੌਜੂਦ ਸਨ।