ਕੰਪਿਊਟਰ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੇ ਸ਼ਹਿਰ ਖਰੜ ’ਚ ਰੋਸ ਰੈਲੀ, ਕੀਤਾ ਚੱਕਾ ਜਾਮ

10/13/2021 2:26:33 AM

ਖਰੜ(ਅਮਰਦੀਪ, ਸ਼ਸ਼ੀ, ਰਣਬੀਰ, ਗਗਨਦੀਪ)- ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਅੱਜ ਪੰਜਾਬ ਭਰ ਵਿਚੋਂ ਆਏ ਹਜ਼ਾਰਾਂ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਖਰੜ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਕੇ ਚੱਕਾ ਜਾਮ ਕੀਤਾ।

ਇਸ ਮੌਕੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਆਪਣੀ ਸਿੱਖਿਆ ਵਿਭਾਗ ਵਿਚ ਮਰਜਿੰਗ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸੂਬਾ ਸਰਕਾਰ ਅਤੇ ਅਫਸਰਸ਼ਾਹੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਦਿਨੋ ਦਿਨ ਕੰਪਿਊਟਰ ਅਧਿਆਪਕਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਕੰਪਿਊਟਰ ਅਧਿਆਪਕਾਂ ਦੇ ਨਿਯੁਕਤੀ ਪੱਤਰਾਂ ਵਿਚ ਦਰਜ ਸਿਵਲ ਸਰਵਿਸਿਜ ਰੂਲਜ਼ ਉਨ੍ਹਾਂ ’ਤੇ ਲਾਗੂ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ 3 ਅਗਸਤ ਨੂੰ ਚੀਫ ਸੈਕਟਰੀ ਟੂ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿਚ ਉਨ੍ਹਾਂ ਨੇ ਮੰਨਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਇਹ ਵਿਸ਼ਵਾਸ਼ ਦਿਵਾਉਣ ਤੋਂ ਬਾਅਦ ਵੀ ਪੰਜਾਬ ਸਰਕਾਰ ਮੰਗਾਂ ਮੰਨਣ ਤੋਂ ਮੁੱਕਰ ਰਹੀ ਹੈ, ਜਿਸ ਤੋਂ ਤੰਗ ਆ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਸ਼ਹਿਰ ਖਰੜ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।

ਇਸ ਮੌਕੇ ਰਵੀਇੰਦਰ ਸਿੰਘ ਮੰਡੇਰ, ਹਰਜੀਤ ਸੰਧੂ, ਅਨਿਲ ਐਰੀ, ਅਰੁਨਦੀਪ ਸੈਦਪੁਰ, ਹਰਮਿੰਦਰ ਸੰਧੂ, ਗੁਰਪ੍ਰੀਤ ਟੌਹੜਾ, ਏਕਮਓਂਕਾਰ ਸਿੰਘ, ਹਰਪ੍ਰੀਤ ਸਿੰਘ, ਕਰਨਬੀਰ ਸਿੰਘ, ਨਰਦੀਪ ਸ਼ਰਮਾ, ਪਰਮਜੀਤ ਸਿੰਘ, ਹਰਭਗਵਾਨ ਸਿੰਘ, ਗਗਨਦੀਪ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।

ਪ੍ਰਸ਼ਾਸਨ ਵਲੋਂ ਧਰਨਾਕਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨਾਲ 18 ਅਕਤੂਬਰ ਨੂੰ ਮੀਟਿੰਗ ਦਾ ਸਮਾਂ ਦਿਵਾਉਣ ’ਤੇ ਧਰਨਾਕਾਰੀਆਂ ਨੇ ਜਾਮ ਨੂੰ ਖੋਲ ਦਿੱਤਾ।

Bharat Thapa

This news is Content Editor Bharat Thapa