ਪੰਜਾਬ ਦੇ ਆਈਲੈਟਸ ਤੇ ਕੰਪਿਊਟਰ ਸੈਂਟਰ ਮਾਲਕਾਂ ਨੇ ਸਰਕਾਰ ਤੋਂ ਕੀਤੀ ਮੰਗ

09/04/2020 1:37:54 PM

ਨਾਭਾ (ਰਾਹੁਲ) : ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸੰਸਥਾਵਾਂ ਨੂੰ ਰਿਆਇਤਾਂ ਦਿੱਤੀਆਂ ਗਈ ਹਨ ਪਰ ਆਈਲੈਟਸ ਅਤੇ ਕੰਪਿਊਟਰ ਸੈਂਟਰ ਮਾਲਕ ਪੰਜਾਬ ਸਰਕਾਰ ਤੋਂ ਖ਼ਫ਼ਾ ਹਨ ਕਿਉਂਕਿ ਅਜੇ ਤੱਕ ਪੰਜਾਬ ਸਰਕਾਰ ਨੇ ਆਈਲੈਟਸ ਅਤੇ ਕੰਪਿਊਟਰ ਸੈਂਟਰਾਂ ਨੂੰ ਕੋਈ ਛੋਟ ਨਹੀਂ ਦਿੱਤੀ ਗਈ, ਜਿਸ ਕਰਕੇ ਪੰਜਾਬ ਦੇ 50 ਹਜ਼ਾਰ ਆਈਲੈਟਸ ਸੈਂਟਰ ਬੰਦ ਪਏ ਹਨ।

ਇਸੇ ਤਹਿਤ ਨਾਭਾ ਦੇ ਆਈਲੈਟਸ ਤੇ ਕੰਪਿਊਟਰ ਸੈਂਟਰ ਮਾਲਕਾਂ ਦੀ ਮੀਟਿੰਗ ਪ੍ਰਧਾਨ ਇਕਬਾਲ ਸਿੱਧੂ ਦੀ ਅਗਵਾਈ 'ਚ ਕੀਤੀ ਗਈ। ਇਸ ਮੌਕੇ ਐਸੋ. ਦੇ ਪ੍ਰਧਾਨ ਇਕਬਾਲ ਸਿੱਧੂ, ਹਰੀਸ ਡੁਡੇਜਾ ਆਈਲੈਟਸ ਸੈਂਟਰ ਮਾਲਕ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮਾਰਚ ਮਹੀਨੇ ਤੋਂ ਬੰਦ ਪਏ ਆਈਲੈਂਟਸ ਤੇ ਕੰਪਿਊਟਰ ਸੈਂਟਰਾਂ ਵੱਲ ਧਿਆਨ ਦੇਵੇ ਕਿਉਂ ਜੋ ਇਹ ਕਿੱਤਾ ਬਹੁਤ ਹੀ ਮੰਦੀ 'ਚੋਂ ਲੰਘ ਰਿਹਾ ਹੈ। ਪ੍ਰਧਾਨ ਸਿੱਧੂ ਨੇ ਕਿਹਾ ਕਿ ਕਈ ਸੈਂਟਰ ਮਾਲਕ ਇਮਾਰਤਾਂ ਦਾ ਕਿਰਾਇਆ ਦੇਣ ਦੇ ਨਾਲ-ਨਾਲ ਨਿੱਜੀ ਟੀਚਰਾਂ ਨੂੰ ਪਿਛਲੇ 6-7 ਮਹੀਨਿਆਂ ਤੋਂ ਪੱਲਿਓ ਤਨਖਾਹ ਦੇ ਰਹੇ ਹਨ, ਸਿਰਫ ਇਹ ਸੋਚ ਕੇ ਕਿ ਸ਼ਾਇਦ ਸਰਕਾਰ ਜਲਦੀ ਹੀ ਕੋਈ ਰਾਹਤ ਦਾ ਐਲਾਨ ਕਰ ਦੇਵੇ, ਜਿਸ ਦੇ ਬਾਵਜੂਦ ਹੁਣ ਆਈਲੈਟਸ ਤੇ ਕੰਪਿਊਟਰ ਸੈਂਟਰ ਮਾਲਕਾਂ ਦੇ ਹਾਲਾਤ ਬਹੁਤ ਹੀ ਮਾੜੇ ਹੋ ਗਏ ਹਨ।

ਇਸ ਮਹਾਂਮਾਰੀ ਦੇ ਦੌਰਾਨ ਕਈ ਆਈਲੈਟਸ ਸੈਂਟਰ ਦੇ ਮਾਲਕ ਆਪਣੇ ਸੈਂਟਰ ਬੰਦ ਕਰ ਚੁੱਕੇ ਹਨ, ਕਿਉਂ ਜੋ ਉਨ੍ਹਾਂ ਦੇ ਸੈਂਟਰਾਂ ਦਾ ਖਰਚਾ ਪੂਰਾ ਨਹੀਂ ਹੋ ਰਿਹਾ, ਸਗੋਂ ਘਰੋਂ ਪੈਸੇ ਲਿਜਾ ਕੇ ਘਰ ਦੇ ਹਾਲਾਤ ਵੀ ਮਾੜੇ ਹੋ ਗਏ ਹਨ। ਇਸ ਮੌਕੇ ਤੇ ਐਸੋ. ਦੇ ਪ੍ਰਧਾਨ ਇਕਬਾਲ ਸਿੱਧੂ, ਆਈਲੈਟਸ ਸੈਂਟਰ ਮਾਲਕ ਹਰੀਸ ਡੁਡੇਜਾ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਆਈਲੈਟਸ ਸੈਂਟਰਾਂ ਅਤੇ ਕੰਪਿਊਟਰ ਸੈਂਟਰਾਂ ਨੂੰ ਰਾਹਤ ਦਿੱਤੀ ਜਾਵੇ ਕਿਉਂਕਿ ਆਈਲੈਟਸ ਸੈਂਟਰਾਂ 'ਚ ਜ਼ਿਆਦਾਤਰ ਬਾਰਵੀਂ ਤੋਂ ਬਾਅਦ ਵਾਲੇ ਵਿਦਿਆਰਥੀ ਹੀ ਟ੍ਰੈਨਿੰਗ ਲੈਣ ਲਈ ਆਉਂਦੇ ਹਨ, ਜੋ ਕਿ ਪੜ੍ਹੇ-ਲਿਖੇ ਹਨ ਅਤੇ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਵੀ ਵਧੀਆ ਢੰਗ ਨਾਲ ਕਰ ਸਕਦੇ ਹਨ।

ਪ੍ਰਧਾਨ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਜਿੰਮ, ਹੋਟਲ, ਰੈਸਟੋਰੈਂਟ ਆਦਿ ਨੂੰ ਰਾਹਤ ਦੇ ਦਿੱਤੀ ਹੈ, ਜਿਸ ਕਰਕੇ ਸਾਨੂੰ ਵੀ ਸਰਕਾਰ ਰਾਹਤ ਦੇਵੇ ਤਾਂ ਜੋ ਸਾਡੇ ਬੰਦ ਪਏ ਕਾਰੋਬਾਰ ਮੁੜ ਤੋਂ ਸ਼ੁਰੂ ਹੋ ਸਕਣ। ਸਮੂਹ ਸੈਂਟਰ ਮਾਲਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੇ ਕਾਰੋਬਾਰ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਅਸੀਂ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਵਾਂਗੇ।
 

Babita

This news is Content Editor Babita