ਔਰਤਾਂ ਨੂੰ ਛੇੜਛਾੜ ਤੋਂ ਬਚਾਉਂਦਿਆਂ ਜਾਨ ਦੇਣ ਵਾਲੇ ਕਮਾਂਡੋ ਸੁਖਵਿੰਦਰ ਦੀ ਮਾਂ ਮੁੱਖ ਮੰਤਰੀ ਨੂੰ ਮਿਲੀ

10/17/2019 1:53:42 PM

ਜਲੰਧਰ (ਧਵਨ) : ਪੰਜਾਬ 'ਚ ਇਕ ਔਰਤ ਨੂੰ ਛੇੜਛਾੜ ਤੋਂ ਬਚਾਉਂਦਿਆਂ ਆਪਣੀ ਜਾਨ ਦੇਣ ਵਾਲੇ ਚੌਥੀ ਕਮਾਂਡੋ ਬਟਾਲੀਅਨ ਦੇ ਕਮਾਂਡੋ ਸੁਖਵਿੰਦਰ ਕੁਮਾਰ ਦੀ ਮਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੁਝ ਸਮੇਂ ਤੱਕ ਮੁੱਖ ਮੰਤਰੀ ਨਾਲ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਰਚਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਕਮਾਂਡੋ ਸੁਖਵਿੰਦਰ ਕੁਮਾਰ ਨੇ ਬਹਾਦਰੀ ਦਾ ਸਬੂਤ ਦਿੱਤਾ ਹੈ ਅਤੇ ਉਹ ਉਨ੍ਹਾਂ ਦੀ ਬਹਾਦਰੀ 'ਤੇ ਉਨ੍ਹਾਂ ਨੂੰ ਸਲੂਟ ਕਰਦੇ ਹਨ। ਕੈਪਟਨ ਨੇ ਕਿਹਾ ਕਿ ਉਹ ਸੁਖਵਿੰਦਰ ਦੇ ਪਰਿਵਾਰ ਨਾਲ ਦੁੱਖ 'ਚ ਪੂਰੀ ਤਰ੍ਹਾਂ ਸ਼ਾਮਿਲ ਹਨ ਪਰ ਜਿਸ ਤਰ੍ਹਾਂ ਸੁਖਵਿੰਦਰ ਨੇ ਬਹਾਦਰੀ ਦਾ ਸਬੂਤ ਦਿੱਤਾ ਹੈ, ਅਜਿਹਾ ਕਰ ਕੇ ਉਨ੍ਹਾਂ ਨੇ ਹੋਰ ਪੁਲਸ ਜਵਾਨਾਂ ਅਤੇ ਅਧਿਕਾਰੀਆਂ ਨੂੰ ਇਕ ਨਵਾਂ ਰਾਹ ਦਿਖਾਇਆ ਹੈ। ਉਨ੍ਹਾਂ ਸਵ. ਸੁਖਵਿੰਦਰ ਦੀ ਮਾਤਾ ਨੂੰ ਕਿਹਾ ਕਿ ਸਰਕਾਰ ਪਰਿਵਾਰ ਦੇ ਨਾਲ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਅਗਸਤ ਮਹੀਨੇ 'ਚ ਸੁਖਵਿੰਦਰ ਜਦੋਂ ਆਪਣੀ ਡਿਊਟੀ 'ਤੇ ਸੀ ਤਾਂ ਕਿਸੇ ਵਿਅਕਤੀ ਨੇ ਇਕ ਔਰਤ ਨਾਲ ਛੇੜਛਾੜ ਕੀਤੀ ਤਾਂ ਸੁਖਵਿੰਦਰ ਨੇ ਸਖਤ ਵਿਰੋਧ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਜਿਹੇ ਪੁਲਸ ਜਵਾਨਾਂ ਦੇ ਨਾਲ ਹਮੇਸ਼ਾ ਹੈ, ਜੋ ਆਪਣੀ ਡਿਊਟੀ ਨੂੰ ਆਪਣਾ ਫਰਜ਼ ਸਮਝ ਕੇ ਨਿਭਾਉਂਦੇ ਹਨ।

Anuradha

This news is Content Editor Anuradha