6 ਮਹੀਨਿਆਂ ਤੋਂ ਆਈ. ਈ. ਵੀ. ਵਾਲੰਟੀਅਰਾਂ ਦੇ ਚੁੱਲ੍ਹੇ ਠੰਡੇ

10/13/2017 12:40:02 AM

ਸੰਦੌੜ, (ਰਿਖੀ)- ਸਰਵ ਸਿੱਖਿਆ ਅਭਿਆਨ ਅਥਾਰਟੀ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਤਾਲੀਮ ਦੇਣ ਦੀ ਵੱਡੀ ਸੇਵਾ ਕਰਨ ਵਾਲੇ ਆਈ. ਈ. ਵੀ (ਇੰਕਲਿਊਸਿਵ ਐਜੂਕੇਸ਼ਨ ਵਾਲੰਟੀਅਰ) ਦੇ ਆਪਣੇ ਘਰਾਂ ਦੇ ਚੁੱਲ੍ਹੇ ਪਿਛਲੇ 6 ਮਹੀਨਿਆਂ ਤੋਂ ਠੰਡੇ ਪਏ ਹਨ ਅਤੇ ਆਏ ਦਿਨ ਅਧਿਆਪਕਾਂ 'ਤੇ ਨਵੇਂ-ਨਵੇਂ ਫਰਮਾਨ ਜਾਰੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੇ ਇੰਨੇ ਘੱਟ ਮਿਹਨਤਾਨੇ 'ਤੇ ਕੰਮ ਕਰਨ ਵਾਲੇ ਵਾਲੰਟੀਅਰਾਂ ਨੂੰ ਉਨ੍ਹਾਂ ਦੇ ਕੀਤੇ ਕੰਮ ਦਾ ਮਿਹਨਤਾਨਾ ਦੇਣ ਬਾਰੇ ਸੋਚਿਆ ਤੱਕ ਨਹੀਂ । 
ਆਈ.ਈ.ਵੀ. ਵਾਲੰਟੀਅਰ ਜਥੇਬੰਦੀ ਦੇ ਆਗੂ ਧਲਵੀਰ ਸਿੰਘ ਧੀਰਾ ਨੇ ਦੱਸਿਆ ਕਿ ਪੰਜਾਬ ਭਰ 'ਚ 1300 ਆਈ.ਈ.ਵੀ ਵਾਲੰਟੀਅਰਜ਼ ਹਨ, ਜਿਹੜੇ ਸਰਕਾਰੀ ਸਕੂਲਾਂ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਕੂਲਾਂ 'ਚ ਬਣੇ ਰਿਸੋਰਜ਼ ਰੂਮਜ਼ ਅਤੇ ਨਾ ਚੱਲ ਸਕਣ ਵਾਲੇ ਬੱਚਿਆਂ ਨੂੰ ਘਰ-ਘਰ ਜਾ ਕੇ ਵਿਸ਼ੇਸ਼ ਤਕਨੀਕਾਂ ਨਾਲ ਸਿੱਖਿਆ ਦੇ ਰਹੇ ਹਨ। ਇਸ ਕਾਰਜ ਬਦਲੇ ਉਨ੍ਹਾਂ ਨੂੰ ਨਾਮਾਤਰ 4500 ਰੁਪਏ ਮਿਹਨਤਾਨਾ ਮਿਲਦਾ ਹੈ ਅਤੇ ਉਹ ਵੀ ਦੇਣ ਵਾਸਤੇ ਵਿਭਾਗ ਨੇ ਹਾੜੀ ਸਾਉਣੀ ਵਾਲੀ ਰੀਤ ਚਲਾਈ ਹੋਈ ਹੈ ।
ਉਨ੍ਹਾਂ ਨੂੰ ਪਿਛਲੀਵਾਰ ਅਪ੍ਰੈਲ-ਮਹੀਨੇ ਮਿਹਨਤਾਨਾ ਦਿੱਤਾ ਗਿਆ ਸੀ ਅਤੇ ਮੁੜ ਮਿਹਨਤਾਨਾ ਦੇਣ ਦੀ ਕਿਸੇ ਨੇ ਲੋੜ ਨਹੀਂ ਸਮਝੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਨੂੰ ਬਕਾਏ ਸਣੇ ਸਾਰਾ ਮਿਹਨਤਾਨਾ ਨਾ ਦਿੱਤਾ ਗਿਆ ਤਾਂ ਉਹ ਪਰਿਵਾਰਾਂ ਸਣੇ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਗੇ ।