ਪੰਜਾਬ 'ਚ ਸੀਤ ਲਹਿਰ ਨੇ ਫੜ੍ਹਿਆ ਜ਼ੋਰ, ਸੂਬੇ 'ਚ Red Alert ਜਾਰੀ, ਸੋਚ-ਸਮਝ ਕੇ ਹੀ ਨਿਕਲੋ ਘਰੋਂ

01/22/2024 11:36:12 AM

ਜਲੰਧਰ (ਪੁਨੀਤ) : ਜਨਵਰੀ ਮਹੀਨਾ ਅੱਧੇ ਤੋਂ ਵੱਧ ਬੀਤ ਚੁੱਕਾ ਹੈ ਪਰ ਠੰਡ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪਿਛਲੇ ਹਫ਼ਤੇ ਕੁੱਝ ਦਿਨ ਧੁੱਪ ਨਿਕਲਣ ਤੋਂ ਬਾਅਦ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਜਾਗੀ ਸੀ ਪਰ ਸੀਤ ਲਹਿਰ ਨੇ ਇਕ ਵਾਰ ਫਿਰ ਜ਼ੋਰ ਫੜ੍ਹ ਲਿਆ ਹੈ। ਕੜਾਕੇ ਦੀ ਠੰਡ ਅਤੇ ਕੋਹਰੇ ਵਿਚਕਾਰ ਸੀਤ ਲਹਿਰ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਪੰਜਾਬ ਦੇ ਵਧੇਰੇ ਜ਼ਿਲ੍ਹਿਆਂ ਵਿਚ ਪਿਛਲੇ 3 ਦਿਨਾਂ ਤੋਂ ਧੁੱਪ ਨਾ ਨਿਕਲਣ ਕਾਰਨ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ 'ਚ ਕੜਾਕੇ ਦੀ ਠੰਡ ਅਤੇ ਸੰਘਣੀ ਤੋਂ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕਰਦਿਆਂ ਪੰਜਾਬ 'ਚ ਅਲਰਟ ਜਾਰੀ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : 'ਪ੍ਰਾਣ ਪ੍ਰਤਿਸ਼ਠਾ' ਦੀ ਖੁਸ਼ੀ 'ਚ ਸਜਾਏ ਗਏ ਟਾਂਡਾ ਦੇ ਮੰਦਰ, ਕੀਤੀ ਗਈ ਮਨਮੋਹਕ ਦੀਪਮਾਲਾ (ਤਸਵੀਰਾਂ)

ਇਸ ਮੁਤਾਬਕ ਕੋਹਰੇ ਤੇ ਧੁੰਦ ਦਾ ਪ੍ਰਭਾਵ ਜ਼ਿਆਦਾ ਰਹੇਗਾ ਅਤੇ ਬਰਫ਼ੀਲੀਆਂ ਹਵਾਵਾਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਅਗਾਊਂ ਅਨੁਮਾਨ ਮੁਤਾਬਕ 22 ਜਨਵਰੀ ਨੂੰ ਰੈੱਡ ਅਲਰਟ ਰਹੇਗਾ, ਜਦੋਂ ਕਿ ਅਗਲੇ 3 ਦਿਨਾਂ (25 ਜਨਵਰੀ ਤੱਕ) ਤੱਕ ਪੰਜਾਬ ਦੇ ਵਧੇਰੇ ਹਿੱਸੇ ਆਰੇਂਜ ਅਲਰਟ ਜ਼ੋਨ 'ਚ ਰਹਿਣਗੇ। ਇਸ ਕਾਰਨ ਠੰਡ ਦਾ ਕਹਿਰ ਜਾਰੀ ਰਹੇਗਾ ਅਤੇ ਸੀਤ ਲਹਿਰ ਕਾਰਨ ਸਰਦੀ ਦਾ ਪ੍ਰਭਾਵ ਵਧੇਗਾ। ਇਸੇ ਸਿਲਸਿਲੇ ’ਚ ਕੁੱਝ ਹਿੱਸਿਆਂ ’ਚ ਯੈਲੋ ਅਲਰਟ ਦਾ ਅੰਦਾਜ਼ਾ ਲਾਇਆ ਗਿਆ ਹੈ। ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਤੋਂ ਸਾਫ਼ ਹੈ ਕਿ ਅਗਲਾ ਹਫ਼ਤਾ ਠੰਡ ਭਰਿਆ ਰਹਿਣ ਵਾਲਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਅਗਲੇ 2 ਦਿਨਾਂ ਤੱਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ ਅਤੇ ਸੀਤ ਲਹਿਰ ਤੋਂ ਸਾਵਧਾਨੀ ਵਰਤਣ ਲਈ ਕਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧੇਗੀ। ਇਸ ਕਾਰਨ ਹਾਈਵੇਅ ’ਤੇ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਸਾਵਧਾਨੀ ਨਾਲ ਵਾਹਨ ਚਲਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਵੇਰੇ ਅਤੇ ਰਾਤ ਨੂੰ ਧੁੰਦ ਦਾ ਪ੍ਰਭਾਵ ਜ਼ਿਆਦਾ ਰਹੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਵਿਆਹਾਂ 'ਤੇ ਮੋਟਾ ਖ਼ਰਚਾ ਕਰਨ ਵਾਲੇ ਹੋ ਜਾਣ ਸਾਵਧਾਨ, ਜ਼ਰੂਰ ਪੜ੍ਹ ਲੈਣ ਇਹ ਖ਼ਬਰ
5-6 ਡਿਗਰੀ ਤੱਕ ਪਹੁੰਚਿਆ ਘੱਟੋ-ਘੱਟ ਤਾਪਮਾਨ
ਪੰਜਾਬ ਦੇ ਮੌਸਮ 'ਚ ਹੋ ਰਹੇ ਬਦਲਾਅ ਕਾਰਨ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਦਰਜ ਹੋਈ ਹੈ। ਪਿਛਲੇ ਦਿਨੀਂ ਨਵਾਂਸ਼ਹਿਰ ਦਾ ਤਾਪਮਾਨ ਮਾਈਨਸ 'ਚ ਚਲਾ ਗਿਆ ਸੀ ਅਤੇ ਠੰਡ ਨੇ ਸਥਿਤੀ ਤਰਸਯੋਗ ਬਣਾ ਦਿੱਤੀ ਸੀ। ਇਸ ਤੋਂ ਬਾਅਦ ਧੁੱਪ ਨਿਕਲਣ ਕਾਰਨ ਤਾਪਮਾਨ ਵਧਣ ਲੱਗਾ ਅਤੇ ਕਈ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ 9 ਡਿਗਰੀ ਤੱਕ ਦਰਜ ਕੀਤਾ ਗਿਆ ਪਰ ਹੁਣ ਮੁੜ ਧੁੱਪ ਨਾ ਨਿਕਲਣ ਕਾਰਨ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਦਰਜ ਹੋਈ ਹੈ। ਪੰਜਾਬ 'ਚ ਐਵਰੇਜ ਦੇ ਮੁਤਾਬਕ ਘੱਟੋ-ਘੱਟ ਤਾਪਮਾਨ 5-6 ਡਿਗਰੀ ਦਰਜ ਕੀਤਾ ਗਿਆ ਹੈ। ਉੱਥੇ ਹੀ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਦੇ ਨੇੜੇ-ਤੇੜੇ ਦਰਜ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 

Babita

This news is Content Editor Babita