ਸੀਤ ਲਹਿਰ ਚੱਲਣ ਨਾਲ ਜ਼ਿੰਦਗੀ ਦੀ ਰਫ਼ਤਾਰ ਪਈ ਮੱਠੀ

01/25/2024 4:23:01 PM

ਸ਼ੇਰਪੁਰ (ਅਨੀਸ਼) : ਪਹਾੜੀ ਸੂਬਿਆਂ ’ਚ ਹੋ ਰਹੀ ਬਰਫ਼ਬਾਰੀ ਕਾਰਨ ਠੰਡੀਆਂ ਸੀਤ ਹਵਾਵਾਂ ਚੱਲ ਰਹੀਆਂ ਹਨ, ਜਿਸ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਜਨਵਰੀ ਮਹੀਨੇ ਦੇ ਅਖ਼ੀਰਲੇ ਦਿਨਾਂ ’ਚ ਵੀ ਅਜੇ ਠੰਡ ਤੋਂ ਕੋਈ ਰਾਹਤ ਨਹੀਂ ਦਿਸ ਰਹੀ। ਬੇਸ਼ੱਕ ਪਿਛਲੇ ਦਿਨਾਂ ਦੌਰਾਨ ਸੂਰਜ ਦੇਵਤਾ ਨੇ ਦਰਸ਼ਨ ਤਾਂ ਜ਼ਰੂਰ ਦਿੱਤੇ ਪਰ ਚੱਲ ਰਹੀ ਸੀਤ ਲਹਿਰ ਨੇ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਮਜਬੂਰ ਕੀਤਾ ਹੋਇਆ ਹੈ।

ਹੱਡ-ਚੀਰਵੀਂ ਠੰਡ ਕਾਰਨ ਕੰਮਾਂਕਾਰਾਂ ’ਤੇ ਜਾਣ ਵਾਲੇ ਵਿਅਕਤੀਆਂ ਨੂੰ ਵੀ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ, ਇਸ ਦੇ ਨਾਲ-ਨਾਲ ਸਕੂਲਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਵੀਰਵਾਰ ਸਵੇਰ ਤੋਂ ਹੀ ਬੱਦਲ ਛਾਏ ਹੋਏ ਸਨ ਅਤੇ ਠੰਡੀਆਂ ਸੀਤ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਲੋਕ ਠੁਰ-ਠੁਰ ਕਰਦੇ ਆਪਣੇ ਕੰਮਾਂਕਾਰਾਂ ’ਤੇ ਪੁੱਜੇ।

ਸੜਕਾਂ ’ਤੇ ਸਫ਼ਰ ਕਰਨ ਵਾਲਿਆਂ ਨੇ ਬੇਸ਼ੱਕ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਾਏ ਹੋਏ ਸਨ ਪਰ ਹੱਡ-ਚੀਰਵੀਂ ਠੰਡ ਇਨ੍ਹਾਂ ਗਰਮ ਕੱਪੜਿਆਂ ਨੂੰ ਵੀ ਚੀਰ ਕੇ ਠੰਡ ਦਾ ਅਹਿਸਾਸ ਕਰਵਾ ਰਹੀ ਸੀ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਸਮੇਂ ’ਚ ਠੰਡ ਤੋਂ ਹਾਲੇ ਤੱਕ ਕੋਈ ਰਾਹਤ ਮਿਲਣ ਦੀ ਆਸ ਨਹੀਂ ਹੈ। ਠੰਡ ਇਸੇ ਤਰ੍ਹਾਂ ਬਰਕਰਾਰ ਰਹੇਗੀ।
 

Babita

This news is Content Editor Babita