ਮਨੀਸ਼ ਸਿਸੋਦੀਆ ਨੂੰ ਕੈਪਟਨ ਦਾ ਕਰਾਰਾ ਜਵਾਬ, ਕਿਹਾ ਮੇਰੇ ਤੋਂ ਸਿੱਖੋ ਕਿਵੇਂ ਸਕੂਲਾਂ ਨੂੰ ਬਿਹਤਰ ਬਣਾਉਣਾ

06/13/2021 12:02:47 PM

ਚੰਡੀਗੜ੍ਹ (ਅਸ਼ਵਨੀ) : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਦਰਮਿਆਨ ‘ਜੁਗਲਬੰਦੀ’ ਹੋਣ ਦੀ ਗੱਲ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਆਪ ਸਚਮੁੱਚ ਹੀ ਦਿੱਲੀ ਦੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਇਛੁਕ ਹੋਵੇ ਤਾਂ ਤੁਹਾਨੂੰ ਮੇਰੇ ਨਾਲ ਜੁਗਲਬੰਦੀ ਕਰਨੀ ਚਾਹੀਦੀ ਹੈ ਤੇ ਮੈਂ ਸਿਖਾਵਾਂਗਾ ਕਿ ਸਕੂਲਾਂ ਦੀ ਸਥਿਤੀ ਨੂੰ ਕਿੰਝ ਬਿਹਤਰ ਬਣਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਪ ਲੀਡਰਸ਼ਿਪ ਚੋਣ ਸਿਆਸਤ ਵਿਚ ਏਨੀ ਘਬਾਰਾਈ ਹੋਈ ਹੈ ਕਿ ਇਸ ਨੂੰ ਸਕੂਲ ਸਿੱਖਿਆ ਵਰਗੇ ਬੁਨਿਆਦੀ ਮਾਮਲੇ ਵਿਚ ਵੀ ਚੋਣ ਸਾਜਿਸ਼ ਦਿਸਣ ਲੱਗ ਪਈ ਹਨ। ਉਨ੍ਹਾਂ ਕਿਹਾ ਕਿ ਅਸਲ ਤੱਥ ਇਹ ਹੈ ਕਿ ਆਮ ਆਦਮੀ ਪਾਰਟੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾੜੀ ਕਾਰਗੁਜਾਰੀ ਦਿਖਾਉਣ ਤੋਂ ਲੈ ਕੇ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਦੇ ਸਿਆਸੀ ਖੇਤਰ ਵਿਚ ਕੋਈ ਵੀ ਪ੍ਰਭਾਵ ਛੱਡਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਸਾਲ 2022 ਦੀਆਂ ਚੋਣਾਂ ਵਿਚ ਵੀ ਇਸ ਨੂੰ ਆਪਣੀ ਇਹੀ ਹਸ਼ਰ ਹੁੰਦਾ ਦਿਸ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲ ਦੇ ਆਧਾਰ ’ਤੇ ਸਕੂਲਾਂ ਦੀ ਕਾਇਆ ਕਲਪ ਕਰਨ ਦਾ ਜਿੰਮਾ ਚੁੱਕਿਆ ਸੀ ਅਤੇ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਹਾਲ ਹੀ ਵਿਚ ਸਾਲ 2019-20 ਦੀ ਜਾਰੀ ਕੀਤੀ ਕਾਰਗੁਜਾਰੀ ਗ੍ਰੇਡਿੰਗ ਇੰਡੈਕਸ (ਪੀ. ਜੀ. ਆਈ.) 2019-20 ਦੇ ਨਤੀਜਿਆਂ ਤੋਂ ਸਾਡੇ ਉਪਰਾਲਿਆਂ ਦੀ ਸਫਲਤਾ ਦੀ ਝਲਕ ਸਾਫ ਨਜਰ ਆਉਂਦੀ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਾ ਮੁਲਾਂਕਣ ਕਰਨਾ ਕੀਤਾ ਸ਼ੁਰੂ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸੱਤਾ ਸੰਭਾਲੀ ਸੀ ਤਾਂ ਉਸ ਵੇਲੇ ਗ੍ਰੇਡਿੰਗ ਇੰਡੈਕਸ ਵਿਚ ਪੰਜਾਬ ਦੀ ਦਰਜਾਬੰਦੀ 22ਵੇਂ ਸਥਾਨ ਉਤੇ ਸੀ ਅਤੇ ਉਸ ਤੋਂ ਬਾਅਦ ਪੰਜਾਬ ਦੀ ਸਕੂਲ ਸਿੱਖਿਆ ਦੀ ਮੁਕੰਮਲ ਕਾਇਆ ਕਲਪ ਕਰਨ ਸਦਕਾ ਪੀ.ਜੀ.ਆਈ. ਵਿਚ ਅੱਵਲ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ,“ਤੁਹਾਡੀਆਂ ਸਿਆਸੀ ਟਿੱਪਣੀਆਂ ਇਸ ਸਫਲਤਾ ਉਤੇ ਪਰਦਾ ਨਹੀਂ ਪਾ ਸਕਦੀਆਂ।” ਉਨ੍ਹਾਂ ਨੇ ਸਿਸੋਦੀਆਂ ਦੀਆਂ ਸਿਆਸੀ ਟਿੱਪਣੀਆਂ ਨੂੰ ‘ਅੰਗੂਰ ਖੱਟੇ ਹਨ’ ਵਾਲੀ ਗੱਲ ਨਾਲ ਜੋੜਦਿਆਂ ਕਿਹਾ ਕਿ ਐਨ.ਸੀ.ਆਰ. ਦਿੱਲੀ ਨੇ ਇਸ ਸੂਚੀ ਵਿਚ ਮਸਾਂ ਛੇਵਾਂ ਰੈਂਕ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ : ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ, ਝੁੱਗੀਆਂ-ਝੌਂਪੜੀਆਂ ਵਾਲੇ 1996 ਪਰਿਵਾਰਾਂ ਨੂੰ ਮਿਲੇ ਮਾਲਕਾਨਾ ਹੱਕ

ਕੇਜਰੀਵਾਲ ਦਾ ਬਹੁਚਰਚਿਤ ਪ੍ਰਸ਼ਾਸਨ ਮਾਡਲ ਮਸ਼ਹੂਰੀ ਦੇ ਸਿਵਾਏ ਕੁੱਝ ਨਹੀਂ 
ਦਿੱਲੀ ਵਿਚ ਕੋਵਿਡ ਦੀ ਦੂਜੀ ਲਹਿਰ ਦੇ ਸਿਖ਼ਰ ਸਮੇਂ ਲੋਕਾਂ ਦੀ ਤਰਸਯੋਗ ਹਾਲਤ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦਾ ਬਹੁ-ਚਰਚਿਤ ਪ੍ਰਸ਼ਾਸਨ ਮਾਡਲ ਮੀਡੀਆ ਵੱਲੋਂ ਕੀਤੀ ਗਈ ਮਸ਼ਹੂਰੀ ਤੋਂ ਸਿਵਾਏ ਹੋਰ ਕੁਝ ਨਹੀਂ ਸੀ ਜਿਸ ਨੂੰ ਕੌਮੀ ਰਾਜਧਾਨੀ ਵਿੱਚ ‘ਆਪ’ ਸਰਕਾਰ ਦੇ ਇਸ਼ਤਿਹਾਰਬਾਜ਼ੀ ਲਈ ਰੱਖੇ ਵੱਡੇ ਬਜਟਾਂ ਤੋਂ ਮੁਨਾਫ਼ਾ ਮਿਲ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਤੋਂ ਲੈ ਕੇ ਸਕੂਲ ਸਿੱਖਿਆ ਪ੍ਰਣਾਲੀ ਤੱਕ, ਦਿੱਲੀ ਸਰਕਾਰ ਦੇ ਪੂਰੇ ਮਾਡਲ ਦੀ ਪੂਰੀ ਤਰ੍ਹਾਂ ਪੋਲ੍ਹ ਖੁੱਲ੍ਹ ਗਈ ਹੈ ਕਿ ਇਹ ਆਪ ਦੇ ਮੀਡੀਆ ਅਤੇ ਸੋਸ਼ਲ ਮੀਡੀਆ ਅਮਲੇ ਦੁਆਰਾ ਕੀਤੇ ਜਾ ਰਹੇ ਖੋਖਲੇ ਦਾਅਵਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਆਪਣੇ ਅਕਸ ਨੂੰ ਚਮਕਾਉਣ ਵਿੱਚ ਇੰਨੇ ਰੁੱਝੇ ਹੋਏ ਸਨ ਕਿ ਉਹ ਜ਼ਮੀਨੀ ਪੱਧਰ ’ਤੇ ਕੋਈ ਨਿਵੇਸ ਕਰਨਾ ਹੀ ਭੁੱਲ ਗਏ।

ਇਹ ਵੀ ਪੜ੍ਹੋ : ਹਾਈਕੋਰਟ ਦੇ ਹੁਕਮ, ਹੱਤਿਆ ਮਾਮਲੇ ’ਚ ਉਮਰਕੈਦ ਦੀ ਸਜ਼ਾ ਕੱਟ ਰਹੇ ਮੁਲਜ਼ਮ ਨੂੰ ਕੀਤਾ ਬਰੀ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha