ਮੁੱਖ ਮੰਤਰੀ ਤੇ ਜਾਖੜ ਨੇ ਬੈਠਕ ਕਰ ਕੇ ਕਾਰਪੋਰੇਸ਼ਨ ਚੋਣਾਂ ਸਬੰਧੀ ਬਣਾਈ ਰਣਨੀਤੀ

11/16/2017 7:09:34 AM

ਜਲੰਧਰ  (ਧਵਨ) — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਸ 'ਚ ਬੈਠਕ ਕਰ ਕੇ ਕਾਰਪੋਰੇਸ਼ਨ ਚੋਣਾਂ ਸਬੰਧੀ ਕਾਂਗਰਸ ਦੀ ਰਣਨੀਤੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਨੂੰ ਕਿਹਾ ਹੈ ਕਿ ਉਹ ਕਾਰਪੋਰੇਸ਼ਨ ਚੋਣਾਂ ਵਾਲੇ ਸ਼ਹਿਰਾਂ 'ਚ ਕਾਂਗਰਸ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਤਾਲਮੇਲ ਸਥਾਪਤ ਕਰ ਕੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਏ। ਜਾਖੜ ਨੇ ਕਾਂਗਰਸ ਵਰਕਰਾਂ ਦੇ ਵਿਚਾਰਾਂ ਤੋਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਬੈਠਕ 'ਚ ਸਾਬਕਾ ਅਕਾਲੀ ਸਰਕਾਰ ਦੇ ਸਮੇਂ ਧੱਕੇਸ਼ਾਹੀਆਂ ਨਾਲ ਜਿੱਤੀਆਂ ਗਈਆਂ ਕਾਰਪੋਰੇਸ਼ਨ ਚੋਣਾਂ 'ਤੇ ਵੀ ਖੁੱਲ੍ਹ ਕੇ ਚਰਚਾ ਹੋਈ। ਜਾਖੜ ਨੇ ਮੁੱਖ ਮੰਤਰੀ ਦੇ ਧਿਆਨ 'ਚ ਇਹ ਗੱਲ ਲਿਆਂਦੀ ਕਿ ਕਿਸ ਤਰ੍ਹਾਂ ਸਾਬਕਾ ਗਠਜੋੜ ਸਰਕਾਰ ਦੇ ਸਮੇਂ ਸਾਰੇ ਸ਼ਹਿਰਾਂ 'ਚ ਕਾਰਪੋਰੇਸ਼ਨ ਚੋਣਾਂ ਦੇ ਸਮੇਂ ਜ਼ਿਆਦਤੀਆਂ ਕਾਂਗਰਸ ਵਰਕਰਾਂ ਉੱਪਰ ਕੀਤੀਆਂ ਗਈਆਂ ਸਨ। ਬੈਠਕ 'ਚ ਮੁੱਖ ਮੰਤਰੀ ਨੇ ਕਾਰਪੋਰੇਸ਼ਨ ਚੋਣਾਂ ਸਬੰਧੀ ਫੈਸਲੇ ਲੈਣ ਦੇ ਸਭ ਅਧਿਕਾਰ ਜਾਖੜ ਨੂੰ ਪ੍ਰਦਾਨ ਕੀਤੇ। ਕਾਰਪੋਰੇਸ਼ਨ ਚੋਣਾਂ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੀਖਣ 'ਚ ਲੜੇਗੀ।
ਬੈਠਕ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨਾ ਤਾਂ ਸਿਆਸੀ ਮੰਦਭਾਵਨਾ ਨਾਲ ਕੰਮ ਕਰੇਗੀ ਅਤੇ ਨਾ ਹੀ ਜ਼ੋਰ-ਜ਼ਬਰਦਸਤੀ ਨਾਲ ਚੋਣਾਂ 'ਚ ਕੰਮ ਲਵੇਗੀ। ਗੁਰਦਾਸਪੁਰ ਲੋਕ ਸਭਾ ਸੀਟ ਉਪ ਚੋਣ 'ਚ ਵੀ ਪਾਰਟੀ ਨੇ ਆਪਣੇ ਦਮ 'ਤੇ ਚੋਣ ਮੁਹਿੰਮ ਚਲਾਈ ਸੀ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਸਾਬਕਾ ਗਠਜੋੜ ਸਰਕਾਰ ਦੇ ਸਮੇਂ ਕੀਤੀਆਂ ਗਈਆਂ ਜ਼ਿਆਦਤੀਆਂ ਕਾਰਨ ਹੀ ਉਸ ਦੀ ਸਭ ਤੋਂ ਵੱਧ ਬਦਨਾਮੀ ਜਨਤਾ 'ਚ ਹੋਈ ਸੀ। ਇਸ ਲਈ ਕਾਂਗਰਸ ਸਰਕਾਰ ਅਜਿਹੇ ਹੱਥਕੰਡਿਆਂ ਨੂੰ ਅਪਣਾਉਣ ਤੋਂ ਗੁਰੇਜ਼ ਕਰੇਗੀ।
ਮੁੱਖ ਮੰਤਰੀ ਨੇ ਬੈਠਕ 'ਚ ਜਾਖੜ ਨੂੰ ਕਿਹਾ ਕਿ ਉਹ ਕਾਂਗਰਸ ਸਰਕਾਰ ਵਲੋਂ ਪਿਛਲੇ ਸੱਤ ਮਹੀਨਿਆਂ ਦੌਰਾਨ ਉਠਾਏ ਗਏ ਕਦਮਾਂ ਤੇ ਪ੍ਰਾਪਤੀਆਂ ਨੂੰ ਜਨਤਾ ਵਿਚਾਲੇ ਲੈ ਕੇ ਜਾਣ। ਸਰਕਾਰ ਨੇ ਜਿਸ ਤਰ੍ਹਾਂ ਸਖਤੀ ਨਾਲ ਨਸ਼ਿਆਂ 'ਤੇ ਰੋਕ ਲਗਾਈ ਹੈ ਅਤੇ ਜਿਸ ਤਰ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਤੇ ਉਦਯੋਗਿਕ ਇਕਾਈਆਂ ਲਈ ਨਵੀ ਉਦਯੋਗਿਕ ਨੀਤੀ ਲਿਆਂਦੀ ਗਈ ਹੈ, ਇਨ੍ਹਾਂ ਮਾਮਲਿਆਂ ਨੂੰ ਜਨਤਾ ਤਕ ਪਾਰਟੀ ਵਿਧਾਇਕਾਂ, ਸੰਸਦ ਮੈਂਬਰਾਂ ਨੂੰ ਲਿਜਾਣਾ ਹੋਵੇਗਾ। ਜਾਖੜ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸ਼ਾਨ ਨਾਲ ਕਾਰਪੋਰੇਸ਼ਨ ਚੋਣਾਂ ਜਿੱਤ ਲਵੇਗੀ। ਜਾਖੜ ਨੇ ਵੀ ਕਿਹਾ ਕਿ ਪਾਰਟੀ ਆਪਣੇ ਦਮ 'ਤੇ ਜਨਤਾ ਵਿਚ ਜਾਵੇਗੀ ਅਤੇ ਆਪਣੇ ਵਿਚਾਰ ਜਨਤਾ ਦੇ ਸਾਹਮਣੇ ਰੱਖੇਗੀ।
ਜਾਖੜ ਨੇ ਪਾਰਟੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਕੀਤੀ ਬੈਠਕ
ਸੁਨੀਲ ਜਾਖੜ ਨੇ ਅੱਜ ਕਾਰਪੋਰੇਸ਼ਨ ਚੋਣਾਂ ਸਬੰਧੀ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਉੱਚ ਪੱਧਰੀ ਬੈਠਕ ਕੀਤੀ, ਜਿਸ ਵਿਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਨਾਲ ਜੁੜੇ ਪਾਰਟੀ ਨੇਤਾਵਾਂ ਨੇ ਹਿੱਸਾ ਲਿਆ। ਜਾਖੜ ਨੇ ਕਾਰਪੋਰੇਸ਼ਨ ਚੋਣਾਂ ਸਬੰਧੀ ਹੇਠਲੇ ਪੱਧਰ 'ਤੇ ਪਾਰਟੀ ਦੀ ਸਥਿਤੀ ਬਾਰੇ ਸੁਝਾਅ ਹਾਸਲ ਕੀਤੇ। ਇਨ੍ਹਾਂ ਨੇਤਾਵਾਂ ਤੋਂ ਪੁੱਛਿਆ ਗਿਆ ਕਿ ਪਾਰਟੀ ਨੂੰ ਕਾਰਪੋਰੇਸ਼ਨ ਚੋਣਾਂ ਸਬੰਧੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਚੋਣਾਂ 'ਚ ਕਿਸ ਤਰ੍ਹਾਂ ਦੇ ਉਮੀਦਵਾਰਾਂ ਨੂੰ ਉਤਾਰਿਆ ਜਾਣਾ ਚਾਹੀਦਾ ਹੈ। ਜ਼ਿਆਦਾਤਰ ਕਾਂਗਰਸੀ ਨੇਤਾਵਾਂ ਦਾ ਮੰਨਣਾ ਸੀ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਗੈਰ-ਯੋਜਨਾਬੱਧ ਢੰਗ ਨਾਲ ਸ਼ਹਿਰਾਂ 'ਚ ਕੰਮ ਕੀਤਾ। ਕਾਂਗਰਸ ਨਾਲ ਸਬੰਧਤ ਹਲਕਿਆਂ 'ਚ ਵਿਕਾਸ ਕਾਰਜਾਂ ਦੀ ਅਣਦੇਖੀ ਕੀਤੀ ਗਈ ਸੀ ਪਰ ਮੌਜੂਦਾ ਅਮਰਿੰਦਰ ਸਰਕਾਰ ਨੂੰ ਸ਼ਹਿਰਾਂ 'ਚ ਯੋਜਨਾਬੱਧ ਢੰਗ ਨਾਲ ਵਿਕਾਸ ਕਾਰਜ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਪ੍ਰਗਟ ਕੀਤਾ, ਜਿਨ੍ਹਾਂ ਨੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ 'ਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਰਿਲੀਜ਼ ਕੀਤੀਆਂ। ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਪਹਿਲਾਂ ਨੋਟਬੰਦੀ ਅਤੇ ਫਿਰ ਜੀ. ਐੱਸ. ਟੀ. ਨੂੰ ਲਾਗੂ ਕੀਤਾ ਉਸ ਨੂੰ ਦੇਖਦੇ ਹੋਏ ਸ਼ਹਿਰੀ ਭਾਈਚਾਰੇ ਦੇ ਅੰਦਰ ਭਾਜਪਾ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮਾਂ 'ਤੇ ਕਾਂਗਰਸ ਕਾਬਜ਼ ਹੋਣ ਤੋਂ ਬਾਅਦ 6 ਮਹੀਨੇ ਦੇ ਅੰਦਰ -ਅੰਦਰ ਵਿਕਾਸ ਕਾਰਜਾਂ ਦੀ ਝਲਕ ਦਿਖਾਈ ਦੇਣੀ ਸ਼ੁਰੂ ਹੋ ਜਾਵੇਗੀ।