CM ਮਾਨ ਨੇ ਏਸ਼ੀਆਈ ਖੇਡਾਂ ''ਚ ਗੋਲਡ ਜਿੱਤਣ ਲਈ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ

10/07/2023 5:19:59 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੁਰਸ਼ਾਂ ਦੀ ਭਾਰਤੀ ਹਾਕੀ ਟੀਮ ਵੱਲੋਂ 9 ਵਰ੍ਹਿਆਂ ਬਾਅਦ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਲਈ ਟੀਮ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੁੱਚੇ ਦੇਸ਼ ਲਈ ਖਾਸ ਕਰਕੇ ਪੰਜਾਬ ਲਈ ਇਤਿਹਾਸਕ ਪਲ ਹਨ ਕਿਉਂਕਿ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਟੀਮ ਵਿਚ 10 ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਹਾਂਗਜ਼ੂ ਦੀਆਂ ਏਸ਼ੀਆਈ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹੁਣ ਤੱਕ 7 ਸੋਨ ਤਗਮੇ ਜਿੱਤੇ ਹਨ ਅਤੇ ਇਸ ਤਗਮੇ ਨਾਲ ਸੂਬੇ ਦੇ ਖਿਡਾਰੀਆਂ ਨੇ ਸਾਲ 1951 ਵਿਚ ਨਵੀਂ ਦਿੱਲੀ ਅਤੇ ਸਾਲ 1962 ਵਿਚ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਵਿਚ ਸੱਤ-ਸੱਤ ਸੋਨ ਤਮਗ਼ੇ ਜਿੱਤਣ ਦੀ  ਭਾਰਤ ਦੀ ਕਾਰਗੁਜ਼ਾਰੀ ਦੀ ਬਰਾਬਰੀ ਕਰ ਲਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਿੱਤ ਦੇਸ਼ ਲਈ ਗੌਰਵਮਈ ਪਲ ਹਨ ਕਿਉਂਕਿ ਪੁਰਸ਼ਾਂ ਦੀ ਹਾਕੀ ਟੀਮ ਨੇ ਇਤਿਹਾਸ ਸਿਰਜ ਦਿੱਤਾ ਹੈ।  

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੀ AI ਦੀ ਦਿਸ਼ਾ 'ਚ ਨਵੀਂ ਪੁਲਾਂਘ, ਜਲਦ ਮਿਲਣਗੀਆਂ ਇਹ ਖ਼ਾਸ ਸਹੂਲਤਾਂ

ਮੁੱਖ ਮੰਤਰੀ ਨੇ ਕਿਹਾ ਕਿ ਏਸ਼ੀਆਈ ਖੇਡਾਂ ਦੇ 72 ਸਾਲਾਂ ਦੇ ਇਤਿਹਾਸ ਵਿੱਚ ਸੂਬੇ ਦੇ ਖਿਡਾਰੀਆਂ ਦਾ ਸਭ ਤੋਂ ਸ਼ਾਨਦਾਰ ਖੇਡ ਪ੍ਰਦਰਸ਼ਨ ਰਿਹਾ ਹੈ ਕਿਉਂ ਜੋ ਹੁਣ ਤੱਕ ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗ਼ੇ ਮਿਲਾ ਕੇ ਕੁੱਲ 18 ਤਗਮੇ ਜਿੱਤੇ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਹਾਕੀ ਟੀਮ ਦੀ ਇਹ ਇਤਿਹਾਸਕ ਜਿੱਤ ਦੇਸ਼ ਵਿੱਚ ਕੌਮੀ ਖੇਡ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਰਾਹ ਪੱਧਰਾ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮੂਹ ਦੇਸ਼ ਵਾਸੀਆਂ ਨੂੰ ਜਪਾਨ ਦੇ ਖਿਲਾਫ਼ ਸ਼ਾਨਦਾਰ ਜਿੱਤ ਹਾਸਲ ਕਰਨ ’ਤੇ ਭਾਰਤੀ ਖਿਡਾਰੀਆਂ ਉਤੇ ਰਸ਼ਕ ਹੈ ਕਿਉਂ ਜੋ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਭਾਰਤੀ ਟੀਮ ਨੇ 9 ਵਰ੍ਹਿਆਂ ਦੇ ਖਲਾਅ ਨੂੰ ਪੂਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕੁੜੀ ਵੱਲੋਂ ਲਗਾਏ ਗਏ ਦੋਸ਼ਾਂ ਮਗਰੋਂ ਪੰਜਾਬ ਪੁਲਸ ਵੱਲੋਂ ਆਪਣੇ ਹੀ ਦੋ ਮੁਲਾਜ਼ਮ ਗ੍ਰਿਫ਼ਤਾਰ

ਮੁੱਖ ਮੰਤਰੀ ਨੇ ਇਸ ਸ਼ਾਨਦਾਰ ਜਿੱਤ ਨੂੰ ਖੇਡ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਵਿਚ ਉਕਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿਚ ਕੌਮੀ ਖੇਡ ਨੇ ਆਪਣੀ ਪੁਰਾਤਨ ਸ਼ਾਨ ਵੱਲ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਬਾਗੋ-ਬਾਗ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੀਮ ਨੇ ਭਾਰਤੀ ਹਾਕੀ ਖੇਡ ਦੇ ਇਤਿਹਾਸ ਦੇ ਸ਼ਾਨਦਾਰ ਵਿਰਸੇ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ ਸਰਕਾਰ ਦੀ ਨੀਤੀ ਦੇ ਮੁਤਾਬਕ ਨਗਦ ਇਨਾਮ ਦਿੱਤੇ ਜਾਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra