CM ਮਾਨ ਦੇ ਮਾਤਾ ਹਰਪਾਲ ਕੌਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ

04/21/2022 7:01:31 PM

ਬਟਾਲਾ (ਮਠਾਰੂ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਬੀਤੇ ਦਿਨੀਂ ਆਪਣੀ ਨਜ਼ਦੀਕੀ ਸੰਗਤ ਨਾਲ ਰੇਲ ਸਫ਼ਰ ਰਾਹੀਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਪਹੁੰਚੇ। ਜਿੱਥੇ ਪੰਜਾਬੀਆਂ ਅਤੇ ਸਥਾਨਕ ਭਾਈਚਾਰੇ ਵੱਲੋਂ ਰੇਲਵੇ ਸਟੇਸ਼ਨ ’ਤੇ ਮਾਤਾ ਹਰਪਾਲ ਕੌਰ ਦਾ ਭਰਵਾਂ ਸੁਵਾਗਤ ਅਤੇ ਸਨਮਾਨ ਕੀਤਾ ਗਿਆ। ਉਪੰਰਤ ਉਹ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਵਿਖੇ ਪਹੁੰਚੇ ਅਤੇ ਬਾਬਾ ਬੁੱਢਾ ਸਾਹਿਬ ਜੀ ਐੱਨ. ਆਰ. ਆਈ. ਸਰਾਂ ਗੁਰਦੁਆਰਾ ਲੰਗਰ ਸਾਹਿਬ ਵਿਖੇ ਰੈਣ ਬਸੇਰਾ ਕੀਤਾ। ਦੱਸਣਯੋਗ ਹੈ ਕਿ ਮਾਤਾ ਹਰਪਾਲ ਕੌਰ ਨੇ ਇਕ ਸਾਧਾਰਨ ਗੁਰੂਘਰ ਦੇ ਸੇਵਾਦਾਰਾਂ ਵਾਂਗ ਗੁਰਦੁਆਰਾ ਲੰਗਰ ਸਾਹਿਬ ਵਿਖੇ ਗੁਰੂਘਰ ਦੇ ਲੰਗਰਾਂ ’ਚ ਬਰਤਨਾਂ ਦੀ ਸੇਵਾ ਕੀਤੀ ਅਤੇ ਪੰਗਤ ਵਿਚ ਬੈਠ ਕੇ ਸੰਗਤ ਦੇ ਨਾਲ ਪ੍ਰਸ਼ਾਦਾ ਵੀ ਛਕਿਆ। ਇਸ ਦੌਰਾਨ ਗੁਰਦੁਆਰਾ ਲੰਗਰ ਸਾਹਿਬ ਦੇ ਮੁੱਖ ਸੇਵਾਦਾਰ ਕਾਰਸੇਵਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਨੇ ਮਾਤਾ ਹਰਪਾਲ ਕੌਰ ਨੂੰ ਆਸ਼ੀਰਵਾਦ ਦਿੰਦਿਆਂ ਜਿੱਥੇ ਰੂਹਾਨੀਅਤ ਦੇ ਨਾਲ ਸਬੰਧਿਤ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ, ਉਥੇ ਨਾਲ ਹੀ ਕਾਰਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਹੋਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਸੰਗਤਾਂ ਨੂੰ ਗੁਰੂਘਰ ਦੀ ਪ੍ਰਚੱਲਿਤ ਮਰਿਯਾਦਾ ਅਨੁਸਾਰ ਸਨਮਾਨਿਤ ਵੀ ਕੀਤਾ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਗੜ੍ਹਸ਼ੰਕਰ ਦੇ ਸਕੂਲ ਦਾ ਦੌਰਾ, ਵਿਦਿਆਰਥੀਆਂ ਨਾਲ ਮਨਾਇਆ ਜਨਮ ਦਿਨ

ਇਸ ਮੌਕੇ ਗੱਲਬਾਤ ਕਰਦਿਆਂ ਮਾਤਾ ਹਰਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਭਾਵਨਾ ਸਿੱਖ ਧਰਮ ਨਾਲ ਜੁੜੀ ਹੋਈ ਹੈ, ਜਦਕਿ ਗੁਰੂ ਸਾਹਿਬਾਨ ਨੇ ਸਾਡੇ ਪਰਿਵਾਰ ’ਤੇ ਬਹੁਤ ਕਿਰਪਾ ਕਰਦਿਆਂ ਮੇਰੇ ਪੁੱਤਰ ਭਗਵੰਤ ਸਿੰਘ ਮਾਨ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਦਾ ਸ਼ੁਕਰਾਨਾ ਕਰਨ  ਲਈ ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ 10-12 ਵਾਰ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਦੇ ਦਰਸ਼ਨ ਦੀਦਾਰ ਕਰ ਚੁੱਕੇ ਹਨ ਕਿਉਂਕਿ ਗੁਰਦੁਆਰਾ ਲੰਗਰ ਸਾਹਿਬ ਵਿਖੇ ਪੰਜਾਬ ਵਰਗਾ ਮਾਹੌਲ ਮਿਲਦਾ ਹੈ, ਜਿੱਥੇ ਸੇਵਾ, ਭਾਵਨਾ ਅਤੇ ਸਿਮਰਨ ਕਰਦੀਆਂ ਸੰਗਤਾਂ ਗੁਰੂਘਰ ਦਾ ਪਿਆਰ ਅਤੇ ਅਸੀਸਾਂ ਭਰੇ ਖਜ਼ਾਨੇ ਦੀਅਾਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸ ਤੋਂ ਇਲਾਵਾ ਮਾਤਾ ਹਰਪਾਲ ਕੌਰ ਅਤੇ ੳੁਨ੍ਹਾਂ ਦੇ ਨਾਲ ਪਹੁੰਚੀਆਂ ਸੰਗਤਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਆਸ-ਪਾਸ ਇਤਿਹਾਸਕ ਗੁਰਧਾਮਾਂ ਦੇ ਵੀ ਦਰਸ਼ਨ ਦੀਦਾਰ ਕੀਤੇ।

Manoj

This news is Content Editor Manoj