ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ

04/05/2022 2:54:35 PM

ਸੁਲਤਾਨਪੁਰ ਲੋਧੀ  (ਧੀਰ) : ਸੂਬੇ ਅੰਦਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਵਿਦਿਆਰਥੀਆਂ ਵੱਲੋਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇਣ ਲਈ ਵਸੂਲ ਕੀਤੀ ਜਾਂਦੀ ਫੀਸ ਨੂੰ ਬਿਨਾਂ ਪ੍ਰੀਖਿਆ ਲਏ ਹੀ ਵਸੂਲ ਕਰ ਲਿਆ। 2020-21 ਦੇ ਸਰਟੀਫ਼ਿਕੇਟ ਜਾਰੀ ਕਰਨ ਲਈ ਬੋਰਡ ਨੇ ਪਹਿਲਾਂ 300 ਰੁਪਏ ਪ੍ਰਤੀ ਵਿਦਿਆਰਥੀ ਵਸੂਲ ਕੀਤੇ ਗਏ ਅਤੇ ਫਿਰ ਅਚਾਨਕ ਇਹ ਫ਼ੀਸ ਵਧਾ ਕੇ 800 ਰੁਪਏ ਕਰ ਦਿੱਤੀ। ਬੱਚਿਆਂ ਦੇ ਮਾਪਿਆਂ ਵੱਲੋਂ ਬੋਰਡ ਵੱਲੋਂ ਵਧਾਈ ਫ਼ੀਸ ਦਾ ਡਟ ਕੇ ਵਿਰੋਧ ਕੀਤਾ ਗਿਆ, ਜਿਸ ਨੂੰ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਉਭਾਰਿਆ ਗਿਆ। ਉਸ ਦੌਰਾਨ ਜ਼ਿਆਦਾ ਵਿਦਿਆਰਥੀਆਂ ਨੇ ਸਰਟੀਫ਼ਿਕੇਟ ਲੈਣ ਲਈ 800 ਰੁਪਏ ਦੇ ਹਿਸਾਬ ਨਾਲ ਫ਼ੀਸ ਜਮ੍ਹਾ ਕਰਵਾ ਦਿੱਤੀ। ਸੈਂਕੜੇ ਵਿਦਿਆਰਥੀ ਅਜਿਹੇ ਸਨ, ਜਿਨ੍ਹਾਂ ਦੇ ਮਾਤਾ-ਪਿਤਾ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਇਹ ਫੀਸ ਭਰਨ ਤੋਂ ਅਸਮਰੱਥ ਸਨ।

ਇਹ ਵੀ ਪੜ੍ਹੋ : ਨਕੋਦਰ ਥਾਣੇ 'ਚ ਪਿੰਡ ਬਜੂਹਾ ਕਲਾਂ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ ਨੇ ਪੁਲਸ 'ਤੇ ਗੰਭੀਰ ਇਲਜ਼ਾਮ

ਇਸ ਮਾਮਲੇ ਨੂੰ ਲੈ ਕੇ ਜਦੋਂ ਵਿਰੋਧੀ ਪਾਰਟੀਆਂ ਵੱਲੋਂ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ’ਚ ਲਿਆਂਦਾ ਗਿਆ, ਜਿਨ੍ਹਾਂ ਤੁਰੰਤ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਗੱਲਬਾਤ ਕਰ ਕੇ ਵਿਦਿਆਰਥੀਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦਿਆਂ ਬੋਰਡ ਵੱਲੋਂ ਕੀਤੀ ਜਾ ਰਹੀ ਲੁੱਟ ਪ੍ਰਤੀ ਸਖਤ ਰੁਖ ਅਪਣਾਉਂਦਿਆਂ ਕਾਂਗਰਸ ਸਰਕਾਰ ਸਮੇਂ ਸ਼ੁਰੂ ਹੋਈ 800 ਰੁਪਏ ਦੀ ਥਾਂ ਸਿਰਫ਼ 100 ਰੁਪਏ ਫ਼ੀਸ ਜਮ੍ਹਾ ਕਰਵਾਉਣ ਦਾ ਐਲਾਨ ਕਰ ਦਿੱਤਾ। ਇਸ ਨੂੰ ਤੁਰੰਤ ਪ੍ਰਭਾਵ ਨਾਲ ਮੰਨਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੱਤਰ ਜਾਰੀ ਕਰ ਦਿੱਤਾ, ਜਿਸ ਨਾਲ ਸਮੁੱਚੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ : ਗੁਰੂਹਰਸਹਾਏ ਦੇ ਨੌਜਵਾਨ ਦੀ ਵਾਇਰਲ ਵੀਡੀਓ ਨੇ ਫੈਲਾਈ ਸਨਸਨੀ, 'ਆਪ' ਕਾਰਕੁਨ ਨੇ ਚੁੱਕੇ ਵੱਡੇ ਸਵਾਲ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵੱਡਾ ਫ਼ੈਸਲਾ ਲੈਂਦੇ ਹੋਏ ਸੂਬੇ ਭਰ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਫੀਸ ਵਧਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਨਾਲ ਹੀ ਇਹ ਆਦੇਸ਼ ਜਾਰੀ ਕੀਤੇ ਸਨ ਕਿ ਕੋਈ ਵੀ ਸਕੂਲ ਵਰਦੀ ਅਤੇ ਕਿਤਾਬਾਂ ਦੀ ਖ਼ਰੀਦ ਲਈ ਕਿਸੇ ਖ਼ਾਸ ਦੁਕਾਨ ਦਾ ਪਤਾ ਨਹੀਂ ਦੱਸੇਗਾ। ਇਹ ਮਾਤਾ-ਪਿਤਾ ਦੀ ਮਰਜ਼ੀ ਹੈ ਕਿ ਉਹ ਕਿਸ ਦੁਕਾਨ ਤੋਂ ਵਰਦੀ ਜਾਂ ਕਿਤਾਬਾਂ ਖਰੀਦਣੀਆਂ ਚਾਹੁੰਦੇ ਹਨ। ਇਹ ਸਕੂਲ ਨੂੰ ਨਿਸ਼ਚਿਤ ਕਰਨਾ ਹੋਵੇਗਾ ਕਿ ਉਕਤ ਸਕੂਲ ਦੀ ਵਰਦੀ ਅਤੇ ਕਿਤਾਬਾਂ ਸਾਰੀਆਂ ਦੁਕਾਨਾਂ ’ਤੇ ਉਪਲੱਬਧ ਹੋਣ।

ਨੋਟ - ਸਕੂਲਾਂ ਵਲੋਂ ਕੀਤੀ ਜਾ ਰਹੀ ਮਨਮਰਜ਼ੀ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha