ਸੀ.ਐੱਮ ਕੈਪਟਨ ਨੇ ਦਿੱਤੀਆਂ ਵਿਸਾਖੀ ਦੀਆਂ ਵਧਾਈਆਂ, ਕਿਹਾ-'ਆਓ ਅਕਾਲ ਪੁਰਖ ਅੱਗੇ ਅਰਦਾਸ ਕਰੀਏ'

04/13/2021 12:28:24 AM

ਚੰਡੀਗੜ (ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਖਾਲਸਾ ਪੰਥ’ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ, ਜੋ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪ੍ਰਤੀਕ ਹੈ। ਵਿਸਾਖੀ ਸਬੰਧੀ ਇੱਕ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਯਾਦ ਦਿਵਾਉਂਦੇ ਹੋਏ ਇਨ੍ਹਾਂ ਰਵਾਇਤਾਂ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ।

ਇਹ ਵੀ ਪੜੋ - ਦੁਨੀਆ ਮੁੜ ਕੋਰੋਨਾ ਨਾਲ ਨਜਿੱਠ ਰਹੀ ਤੇ ਚੀਨ ਮਨਾ ਰਿਹੈ 3-3 ਫੈਸਟੀਵਲ, ਹਜ਼ਾਰਾਂ ਲੋਕ ਹੋ ਰਹੇ ਸ਼ਾਮਲ
ਉਨ੍ਹਾਂ ਯਾਦ ਕੀਤਾ ਕਿ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੰਨ 1699 ਵਿੱਚ ਇਸ ਪਵਿੱਤਰ ਦਿਹਾੜੇ ‘ਤੇ ਵੱਖ-ਵੱਖ ਜਾਤਾਂ ਦੇ ਲੋਕਾਂ ਵਿੱਚੋਂ ਪੰਜ ਪਿਆਰਿਆਂ ਨੂੰ ਚੁਣ ਕੇ ਅੰਮ੍ਰਿਤ ਦੀ ਦਾਤ ਬਖਸ਼ਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਖਾਲਸਾ ਪੰਥ’ ਦੀ ਸਥਾਪਨਾ ਕੀਤੀ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਸਾਜਨਾ ਨਾਲ ਇਕ ਸਮਾਨਤਾਵਾਦੀ ਸਮਾਜ ਦੀ ਨੀਂਹ ਰੱਖੀ ਗਈ ਅਤੇ ਇਸ ਨੇ ਸਾਨੂੰ ਮਨੁੱਖਤਾ ਲਈ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦਾ ਸੰਦੇਸ਼ ਦਿੱਤਾ।

ਇਹ ਵੀ ਪੜੋ - ਤਬੂਤ ਵਿਚੋਂ ਨਿਕਲਿਆ 'ਭੂਤ' ਤੇ ਲੱਗ ਗਿਆ ਚੋਣ ਪ੍ਰਚਾਰ 'ਤੇ
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਸ ਮੌਕੇ ਪੰਜਾਬ ਦਾ ਮਿਹਨਤਕਸ਼ ਕਿਸਾਨ ਆਪਣੀ ਮਿਹਨਤ ਨਾਲ ਉਗਾਈ ਫ਼ਸਲ ਦੀ ਵਾਢੀ ਸ਼ੁਰੂ ਕਰਦਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਇਤਿਹਾਸਕ ਦਿਹਾੜਾ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਰਿਵਾਇਤਾਂ ਦੇ ਨਾਲ-ਨਾਲ ਕੋਵਿਡ-19 ਸਬੰਧੀ ਸਾਵਧਾਨੀ ਉਪਾਵਾਂ ਨਾਲ ਮਨਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ, “ਆਓ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਉਹ ਸਾਨੂੰ ਅਤੇ ਸਾਡੇ ਪੰਜਾਬ ਨੂੰ ਚੜ੍ਹਦੀਕਲਾ ਵਿੱਚ ਰੱਖਣ ਅਤੇ ਹਮੇਸ਼ਾ ਸਾਨੂੰ ਸੁਰੱਖਿਅਤ ਤੇ ਖੁਸ਼ ਰੱਖਣ।”

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

Sunny Mehra

This news is Content Editor Sunny Mehra