ਕੈਪਟਨ ਨੇ ਸ਼ਹੀਦਾਂ ਦੇ ਪਰਿਵਾਰਾਂ ਲਈ ਕੀਤਾ ਵੱਡਾ ਐਲਾਨ, ਖੁਸ਼ੀ ਨਾਲ ਹੋਏ ਬਾਗੋ-ਬਾਗ

07/19/2017 2:07:39 PM

ਨਾਭਾ (ਜਗਨਾਰ)— ਪਿਛਲੇ ਲੰਮੇ ਸਮੇਂ ਤੋਂ 1962, 1965 ਅਤੇ ਸਾਲ 1972 ਦੀ ਜੰਗ ਵਿੱਚ ਸਹੀਦ ਹੋਏ ਜੰਗੀ ਸ਼ਹੀਦਾਂ ਦੇ ਪਰਿਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ, ਜਿਨ੍ਹਾਂ ਪ੍ਰਤੀ ਸੂਬੇ ਦੇ ਮੌਜੂਦਾ ਸਰਕਾਰ ਨੇ ਪਿਛਲੇ ਦਿਨੀਂ ਵੱਡਾ ਫੈਸਲਾ ਕਰਕੇ 5 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਵਿਚ ਖੁਸ਼ੀ ਦਾ ਆਲਮ ਦੇਖਣ ਨੂੰ ਮਿਲ ਰਿਹਾ ਹੈ। 'ਜਗਬਾਣੀ' ਨਾਲ ਗੱਲ ਕਰਦਿਆਂ ਨਾਭਾ ਦੇ ਪਿੰਡ ਦੁਲੱਦੀ ਵਿਖੇ ਜੰਗੀ ਸ਼ਹੀਦ ਪਿਆਰਾ ਸਿੰਘ ਦੀ ਵਿਧਵਾ ਅਤੇ ਅਲੌਹਰਾ ਦੇ ਜੰਗੀ ਸ਼ਹੀਦ ਜੰਗੀਰ ਸਿੰਘ ਦੀ ਵਿਧਵਾ ਸੁਰਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈ: ਅਮਰਿੰਦਰ ਸਿੰਘ ਵੱਲੋਂ ਜੋ ਇਹ ਜੰਗੀ ਸ਼ਹੀਦਾਂ ਦੇ ਪਰਿਵਾਰ ਲਈ ਮਦਦ ਦਾ ਐਲਾਨ ਕੀਤਾ ਗਿਆ ਹੈ, ਇਹ ਬਹੁਤ ਹੀ ਵਧੀਆ ਤੇ ਸਰਾਹੁਣਯੋਗ ਹੈ, ਕਿਉਂ ਜੋ ਪਿਛਲੀਆਂ ਸਰਕਾਰਾਂ ਨੇ ਜੰਗੀ ਸ਼ਹੀਦਾਂਂ ਦੇ ਪਰਿਵਾਰਾਂ ਦਾ ਬਿਲਕੁਲ ਧਿਆਨ ਨਹੀਂ ਕੀਤਾ, ਜਿਸ ਕਰਕੇ ਹੁਣ ਉਹਨਾਂ ਨੂੰ ਉਮੀਦ ਜਾਗੀ ਹੈ ਕਿ ਉਹ ਕਰੀਬ 45 ਸਾਲ ਬੀਤ ਜਾਣ ਦੇ ਬਾਅਦ ਸੂਬਾ ਸਰਕਾਰ ਵੱਲੋਂ ਦਿੱਤੇ ਮੁਆਵਜ਼ੇ ਸਦਕਾ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਅਸਮਾਨ ਛੂੰਹਦੀ ਮਹਿੰਗਾਈ ਵਿਚ ਵਧੀਆ ਤਰੀਕੇ ਨਾਲ ਕਰ ਸਕਣਗੇ।
ਗੁਰਸੇਵਕ ਸਿੰਘ ਦੁਲੱਦੀ, ਜਰਨੈਲ ਸਿੰਘ ਕੱਟੂ ਵਾਲੀਆਂ ਅਤੇ ਗੁਰਮੀਤ ਸਿੰਘ ਬਡਬਰ ਨੇ ਕਿਹਾ ਕਿ ਸਾਡੇ ਪਰਿਵਾਰਾਂ ਵੱਲੋਂ ਸਾਂਝੇ ਤੌਰ ਤੇ ਜਿੱਥੇ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਗਏ ਸਨ, ਉਥੇ ਸਾ. ਮੁੱਖ ਮੰਤਰੀ ਦੀ ਕੋਠੀ ਬਾਹਰ ਵੀ ਕਰੀਬ 22 ਦਿਨ ਧਰਨਾ ਦਿੱਤਾ ਗਿਆ ਸੀ, ਦੇ ਬਾਵਜੂਦ ਸਾਡੇ ਪਰਿਵਾਰਾਂ ਦੀ ਉਸ ਸਮੇਂ ਦੀ ਸੂਬਾ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਅਤੇ ਉਸੇ ਧਰਨੇ ਵਿਚ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੈ: ਅਮਰਿੰਦਰ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ ਅਤੇ ਸੁਨੀਲ ਜਾਖੜ ਪੂਰੀ ਕਾਂਗਰਸ ਦੀ ਟੀਮ ਸਮੇਤ ਪਹੁੰਚੇ ਸਨ, ਜਿੱਥੇ ਉਹਨਾਂ ਨੇ ਵਿਸਵਾਸ ਦਿਵਾਇਆ ਸੀ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਜੰਗੀ ਸਹੀਦਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈ: ਅਮਰਿੰਦਰ ਸਿੰਘ ਵੱਲੋਂ ਕੀਤੇ 5 ਲੱਖ ਰੁਪਏ ਪ੍ਰਤੀ ਏਕੜ ਦੇਣ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਵਾਅਦੇ ਅਨੁਸਾਰ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਪ੍ਰਤੀ ਪਰਿਵਾਰ ਦੇਣ। ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਹਨਾਂ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਜੋ ਸਰਕਾਰ ਨੇ ਪਿਛਲੇ ਦਿਨੀਂ ਮਦਦ ਦੇਣ ਦਾ ਐਲਾਨ ਕੀਤਾ ਸੀ , ਉਹ ਹੀ ਮਿਲੇਗਾ ਜਾਂ ਧਰਨੇ ਦੌਰਾਨ ਕੀਤੇ ਵਾਅਦੇ ਅਨੁਸਾਰ ਸੂਬੇ ਦੀ ਕਾਂਗਰਸ ਸਰਕਾਰ ਇਕ ਕਰੋੜ ਰੁਪਏ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਵੇਗੀ।