ਮੁੱਖ ਮੰਤਰੀ ਦੀ ਕਿਸਾਨ ਸੰਗਠਨ ਨੂੰ ਅਪੀਲ, ਯਾਤਰੀ ਗੱਡੀਆਂ ਨੂੰ ਵੀ ਗੁਜ਼ਰਨ ਦਿੱਤਾ ਜਾਵੇ

Thursday, Oct 22, 2020 - 11:49 AM (IST)

ਚੰਡੀਗੜ (ਅਸ਼ਵਨੀ) : ਕਿਸਾਨ ਸੰਗਠਨਾਂ ਵਲੋਂ ਮਾਲ ਗੱਡੀਆਂ ਲਈ ਰੇਲ ਟ੍ਰੈਕਾਂ 'ਤੋਂ ਹਟਣ ਦੇ ਫੈਸਲੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਸਾਨ ਸੰਗਠਨਾਂ ਨੂੰ ਯਾਤਰੀ ਗੱਡੀਆਂ ਨੂੰ ਵੀ ਨਾ ਰੋਕਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਤਿਓਹਾਰਾਂ ਦੇ ਸੀਜ਼ਨ ਦੌਰਾਨ ਆਪਣੇ ਪਰਿਵਾਰਾਂ ਕੋਲ ਘਰ ਵਾਪਸ ਆਉਣਾ ਚਾਹੁੰਦੇ ਹਨ, ਇਸ ਲਈ ਪੰਜਾਬੀਆਂ ਦੇ ਹਿੱਤ 'ਚ ਯਾਤਰੀ ਗੱਡੀਆਂ ਨੂੰ ਵੀ ਗੁਜ਼ਰਨ ਦਿੱਤਾ ਜਾਵੇ।

ਇਹ ਵੀ ਪੜ੍ਹੋ : ਕਿਸਾਨਾਂ ਕਰਕੇ ਜੇ ਮੇਰੇ 'ਤੇ ਪਰਚੇ ਵੀ ਦਰਜ ਹੋ ਜਾਣ ਤਾਂ ਉਹ ਵੀ ਮੈਡਲਾਂ ਵਰਗੇ : ਬਿੱਟੂ    

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ 'ਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਤਕ ਸਿਰਫ਼ ਮਾਲ ਗੱਡੀਆਂ ਲਈ ਰੇਲਵੇ ਟ੍ਰੈਕ ਖੋਲ੍ਹਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਰੇਲਵੇ ਟ੍ਰੈਕ ਸਿਰਫ ਮਾਲ ਗੱਡੀਆਂ ਲਈ ਖਾਲ੍ਹੀ ਕੀਤੇ ਜਾਣਗੇ ਜਦਕਿ ਬਾਕੀ ਰੇਲਾਂ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ 'ਤੇ ਧਰਨੇ ਜਾਰੀ ਰਹਿਣਗੇ। 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤਕ ਸੰਘਰਸ਼ ਜਾਰੀ ਰਹੇਗਾ ਅਤੇ ਭਾਜਪਾ ਨੇਤਾਵਾਂ ਦੇ ਘਿਰਾਓ ਵੀ ਜਾਰੀ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕਿਸਾਨਾਂ ਦੇ ਸੰਘਰਸ਼ ਦੀ ਪ੍ਰਾਪਤੀ ਹੀ ਹੈ ਕਿ ਇਤਿਹਾਸ ਵਿਚ ਪਹਿਲੀ ਵਾਰ ਕਿਸਾਨਾਂ ਦੇ ਸੰਘਰਸ਼ ਕਾਰਣ ਕਿਸੇ ਸਰਕਾਰ ਵਲੋਂ ਤਿੰਨ ਦਿਨਾਂ ਦਾ ਵਿਸ਼ੇਸ਼ ਇਜਲਾਸ ਬੁਲਾਉਣਾ ਪਿਆ ਹੋਵੇ। ਇਸੇ ਸੰਘਰਸ਼ ਕਾਰਣ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ੀਰੀ ਤੋਂ ਅਸਤੀਫ਼ਾ ਦੇਣਾ ਪਿਆ ਅਤੇ ਅਕਾਲੀ ਦਲ ਨੂੰ ਐੱਨ. ਡੀ. ਏ. 'ਚੋਂ ਬਾਹਰ ਆਉਣਾ ਪਿਆ।

ਇਹ ਵੀ ਪੜ੍ਹੋ : ਘੱਟੋ-ਘੱਟ ਸਮਰਥਨ ਮੁੱਲ ਲਾਗੂ ਤੇ ਖਤਮ ਕਰਨ ਦਾ ਫ਼ੈਸਲਾ ਪੰਜਾਬ ਵਿਰੋਧੀ ਸਾਬਤ ਹੋਇਐ : ਸਿਮਰਜੀਤ ਬੈਂਸ

Anuradha

This news is Content Editor Anuradha