GST ਨੂੰ ਲੈ ਕੇ ਕੱਪੜਾ ਵਪਾਰੀਆਂ ਦਾ ਸੰਘਰਸ਼ ਹੋਇਆ ਹੋਰ ਤੇਜ਼, ਪੀਰ ਬੋਦਲਾ ਬਾਜ਼ਾਰ ਦੇ ਕਾਰੋਬਾਰੀ 2 ਦਿਨ ਰੱਖਣਗੇ ਦੁਕਾਨਾਂ ਬੰਦ

07/10/2017 4:09:00 PM

ਜਲੰਧਰ(ਖੁਰਾਣਾ)— ਪਹਿਲੀ ਜੁਲਾਈ ਤੋਂ ਲਾਗੂ ਜੀ. ਐੱਸ. ਟੀ. ਨੂੰ ਲੈ ਕੇ ਜਿਥੇ ਜ਼ਿਆਦਾ ਕਾਰੋਬਾਰੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਉਥੇ ਜੀ. ਐੱਸ. ਟੀ. ਨੂੰ ਲੈ ਕੇ ਸੰਘਰਸ਼ ਕਰ ਰਹੇ ਕੱਪੜਾ ਵਪਾਰੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਹੈ ਅਤੇ ਐਲਾਨ ਕੀਤਾ ਹੈ ਕਿ ਕੱਪੜੇ ਦੀ ਹੋਲਸੇਲ ਮਾਰਕੀਟ ਪੀਰ ਬੋਦਲਾ ਬਾਜ਼ਾਰ ਜੀ. ਐੱਸ. ਟੀ. ਦੇ ਵਿਰੋਧ ਵਿਚ ਸੋਮਵਾਰ ਅਤੇ ਮੰਗਲਵਾਰ ਯਾਨੀ 10 ਅਤੇ 11 ਜੁਲਾਈ ਨੂੰ ਬੰਦ ਰਹੇਗੀ।
ਜੀ. ਐੱਸ. ਟੀ. ਨੂੰ ਲੈ ਕੇ ਕੱਪੜਾ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਐਤਵਾਰ ਨੂੰ ਇਕ ਬੈਠਕ ਬਾਜ਼ਾਰ 'ਚ ਹੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿੱਥੇ ਨਰਬੀਰ ਸਿੰਘ, ਅਨਿਲ ਸੱਚਰ, ਅਸ਼ੋਕ ਮਰਵਾਹਾ, ਜੈਨ ਪ੍ਰਕਾਸ਼ ਜੈਨ, ਸੁਰਿੰਦਰ ਅਗਰਵਾਲ, ਮੰਗਤ ਰਾਮ, ਰਮਨਦੀਪ ਸਿੰਘ, ਪਰਮਜੀਤ ਸਿੰਘ, ਸੁਭਾਸ਼ ਚੰਦਰ, ਰਾਕੇਸ਼ ਮਿਗਲਾਨੀ, ਭੁਪਿੰਦਰ ਸਿੰਘ, ਗਗਨਦੀਪ ਸਿੰਘ, ਸੋਨੂੰ ਭਾਟੀਆ, ਮਹਿੰਦਰਪਾਲ, ਚਿੰਟੂ ਸੇਠ, ਹੈਪੀ, ਭਾਟੀਆ, ਰਾਜਿੰਦਰ ਸਿੰਘ ਅਤੇ ਪਵਨ ਕੁਮਾਰ ਸ਼ਾਮਲ ਹੋਏ।
ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਲੰਧਰ ਦੀ ਕੱਪੜਾ ਮਾਰਕੀਟ ਸੰਘਰਸ਼ ਦੇ ਮਾਮਲੇ ਵਿਚ ਸੂਰਤ, ਅਹਿਮਦਾਬਾਦ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਪਾਰੀਆਂ ਦਾ ਪੂਰਾ ਸਾਥ ਦੇਵੇਗੀ। ਪੀਰ ਬੋਦਲਾ ਬਾਜ਼ਾਰ ਬੰਦ ਰੱਖਣ ਦੇ ਨਾਲ-ਨਾਲ ਜੀ. ਐੱਸ. ਟੀ. ਵਿਰੁੱਧ ਧਰਨਾ ਵੀ ਲਗਾਇਆ ਜਾਵੇਗਾ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੱਪੜੇ 'ਤੇ ਜੀ. ਐੱਸ. ਟੀ. ਲਗਾਏ ਜਾਣ ਦੇ ਵਿਰੋਧ ਵਿਚ ਪੀਰ ਬੋਦਲਾ ਬਾਜ਼ਾਰ ਦੇ ਕਾਰੋਬਾਰੀ ਆਪਣੀਆਂ ਦੁਕਾਨਾਂ ਬੰਦ ਰੱਖ ਚੁੱਕੇ ਹਨ।