ਸਵੱਛ ਭਾਰਤ ਮੁਹਿੰਮ ਦਾ ਜਨਾਜ਼ਾ ਕੱਢ ਰਿਹਾ ਖੁਰਾਕ ਤੇ ਸਪਲਾਈ ਵਿਭਾਗ

10/01/2017 3:53:38 AM

ਲੁਧਿਆਣਾ(ਖੁਰਾਣਾ)-ਵੱਡੇ ਬਜ਼ੁਰਗ ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਤੁਸੀਂ ਕੋਈ ਨਸੀਹਤ ਦਿੰਦੇ ਹੋ ਤਾਂ ਇਸ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰ ਲੈਣਾ ਚਾਹੀਦਾ ਹੈ ਤਾਂਕਿ ਕੋਈ ਤੁਹਾਡੇ ਵੱਲ ਉਂਗਲੀ ਨਾ ਚੁੱਕ ਸਕੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦਫਤਰ ਦੇ ਅਧਿਕਾਰੀਆਂ ਦੀ ਜਿਨ੍ਹਾਂ ਨੇ ਸਵੱਛ ਭਾਰਤ ਮੁਹਿੰਮ ਦਾ ਬੀੜਾ ਚੁੱਕਦੇ ਹੋਏ ਲੁਧਿਆਣਾ ਨੂੰ ਸ਼ੌਚ ਮੁਕਤ ਬਣਾਉਣ ਦੇ ਮਕਸਦ ਨਾਲ ਹਫੜਾ ਦਫੜੀ ਵਿਚ ਸ਼ਹਿਰ ਭਰ ਦੇ ਸਾਰੇ ਪੈਟਰੋਲ ਪੰਪ ਮਾਲਕਾਂ ਨੂੰ ਨਿਰਦੇਸ਼ ਤਾਂ ਜਾਰੀ ਕਰ ਦਿੱਤੇ ਹਨ ਕਿ ਪੈਟਰੋਲ ਪੰਪਾਂ 'ਤੇ ਬਣੇ ਟਾਇਲਟ ਨੂੰ ਆਮ ਜਨਤਾ ਨੂੰ ਵਰਤੋਂ ਕਰਨ 'ਤੇ ਕਿਸੇ ਤਰ੍ਹਾਂ ਦੀ ਰੋਕ ਟੋਕ ਨਾ ਕੀਤੀ ਜਾਵੇ ਤਾਂਕਿ ਸ਼ਹਿਰ ਵਿਚ ਕਿਤੇ ਵੀ ਗੰਦਗੀ ਭਰਿਆ ਮਾਹੌਲ ਦੇਖਣਾ ਨਸੀਬ ਨਾ ਹੋਵੇ ਪਰ ਇਸ ਦੌਰਾਨ ਸ਼ਾਇਦ ਵਿਭਾਗੀ ਅਧਿਕਾਰੀ ਇਹ ਗੱਲ ਭੁੱਲ ਗਏ ਹਨ ਕਿ ਉਨ੍ਹਾਂ ਦੇ ਆਪਣੇ ਸਰਾਭਾ ਨਗਰ ਦਫਤਰ ਵਿਚ ਤਾਂ ਵੱਡੇ ਪੱਧਰ 'ਤੇ ਚਾਰੇ ਪਾਸੇ ਗੰਦਗੀ ਫੈਲੀ ਹੋਈ ਹੈ ਅਤੇ ਦੂਜਿਆਂ ਨੂੰ ਨਸੀਹਤ ਦੇਣ ਤੋਂ ਪਹਿਲਾਂ ਇਸ ਮੁਹਿੰਮ ਦੀ ਸ਼ੁਰੂਆਤ ਆਪਣੇ ਦਫਤਰ ਤੋਂ ਹੀ ਕਰਨੀ ਲਾਜ਼ਮੀ ਹੈ। ਯਾਦ ਰਹੇ ਕਿ ਵਿਭਾਗ ਵੱਲੋਂ ਆਉਂਦੇ ਦਿਨਾਂ ਵਿਚ ਕੇਂਦਰੀ ਟੀਮਾਂ ਵੱਲੋਂ ਸਵੱਛ ਭਾਰਤ ਮੁਹਿੰਮ ਸਰਵੇਖਣ ਕਰਨ ਕਾਰਨ ਪੈਟਰੋਲ ਪੰਪਾਂ ਨੂੰ ਜਨਤਾ ਲਈ ਟਾਇਲਟ ਵਜੋਂ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਹਨ ਜਦੋਂਕਿ ਵਿਭਾਗੀ ਦਫਤਰ ਵਿਚ ਫੈਲੀ ਗੰਦਗੀ ਦਾ ਆਲਮ ਬੀਤੇ ਦਿਨੀਂ ਨਗਰ ਨਿਗਮ ਕਮਿਸ਼ਨ ਵੱਲੋਂ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਵੀ ਜਿਓਂ ਦਾ ਤਿਓਂ ਦੇਖਣ ਨੂੰ ਮਿਲ ਰਿਹਾ ਹੈ। ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਇਹ ਗੰਦਗੀ ਬਾਹਰ ਖੁੱਲ੍ਹੇ ਵਿਚ ਦਫਤਰ ਵਿਚ ਬਣੀ ਲਿਫਟ ਦੇ ਕੋਲ ਪਈ ਹੋਈ ਸੀ ਅਤੇ ਹੁਣ ਕਰਮਚਾਰੀਆਂ ਦੇ ਕੰਮਕਾਜ ਕਰਨ ਵਾਲੇ ਦਫਤਰ ਵਿਚ ਸ਼ਿਫਟ ਕਰ ਦਿੱਤੀ ਗਈ ਹੈ। ਇਥੇ ਅਜਿਹਾ ਨਹੀਂ ਹੈ ਕਿ ਵਿਭਾਗ ਦੇ ਕੋਲ ਢੁੱਕਵੀਂ ਮਾਤਰਾ ਵਿਚ ਅਧਿਕਾਰੀ ਜਾਂ ਫਿਰ ਕਰਮਚਾਰੀ ਮੌਜੂਦ ਨਹੀਂ ਹਨ ਪਰ ਕਰੀਬ 80 ਤੋਂ 100 ਦੀ ਗਿਣਤੀ ਵਿਚ ਸਟਾਫ ਦੀ ਮੌਜੂਦਗੀ ਹੋਣ ਦੇ ਬਾਵਜੂਦ ਇਸ ਕੇਸ ਨੂੰ ਲੈ ਕੇ ਉਨ੍ਹਾਂ ਨੇ ਅੱਖਾਂ ਬੰਦ ਰੱਖੀਆਂ ਹਨ। ਜਦੋਂਕਿ ਸਟਾਫ ਦੀ ਇਸ ਵੱਡੀ ਲਾਪਰਵਾਹੀ ਕਾਰਨ ਦਫਤਰ ਵਿਚ ਪਹੁੰਚਣ ਵਾਲੇ ਲੋਕ ਸਰਕਾਰ ਦੇ ਅਕਸ 'ਤੇ ਉਂਗਲਾਂ ਚੁੱਕਣ ਲੱਗੇ ਹਨ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਵਿਭਾਗ ਦੇ ਉਕਤ ਦਫਤਰ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਅਰਜ਼ੀਕਰਤਾਵਾਂ ਅਤੇ ਸ਼ਿਕਾਇਤਕਰਤਾਵਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਜੋ ਕਿ ਘਰੇਲੂ ਗੈਸ ਸਿਲੰਡਰ, ਪੈਟਰੋਲ ਪੰਪ, ਇੱਟਾਂ ਭੱਠਾ ਮਾਲਕ ਅਤੇ ਰਾਸ਼ਨ ਡਿਪੂਆਂ ਨਾਲ ਜੁੜੀ ਸਮੱਸਿਆ ਦੇ ਨਿਵਾਰਣ ਹਿੱਤ ਇੱਥੋਂ ਦਾ ਰੁਖ ਕਰਦੇ ਹਨ।