ਸ਼ਰਾਬ ਫੈਕਟਰੀ ਧਰਨਾ : ਮਾਹੌਲ ਬਣਿਆ ਤਣਾਅਪੂਰਨ, ਕਿਸਾਨ ਜਥੇਬੰਦੀਆਂ ਨੇ ਭਾਰੀ ਫੋਰਸ ਦੇ ਬਾਵਜੂਦ ਤੋੜੇ ਬੇਰੀਕੇਡ

12/20/2022 2:53:48 PM

ਜ਼ੀਰਾ (ਗੁਰਮੇਲ ਸੇਖਵਾਂ, ਵੈੱਬ ਡੈਸਕ) : ਲੰਮੇਂ ਸਮੇਂ ਤੋਂ ਮਾਲਬਰੋਜ ਸ਼ਰਾਬ ਫੈਕਟਰੀ ਅੱਗੇ ਚੱਲ ਰਿਹਾ ਧਰਨਾ ਦਿਨੋਂ-ਦਿਨ ਜ਼ੋਰ ਫੜ੍ਹਦਾ ਜਾ ਰਿਹਾ ਹੈ। ਅੱਜ ਵੀ ਕਿਸਾਨ ਜਥੇਬੰਦੀਆਂ ਅਤੇ ਪੁਲਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ, ਜਿੱਥੇ ਕਿਸਾਨਾਂ ਨੇ ਪੁਲਸ ਵੱਲੋਂ ਲਾਏ ਬੇਰੀਕੇਡ ਤੋੜ ਕੇ ਸੁੱਟ ਦਿੱਤੇ ਅਤੇ ਧਰਨੇ ਵਾਲੀ ਥਾਂ ਦਾਖ਼ਲ ਹੋ ਗਏ। ਦੱਸ ਦੇਈਏ ਕਿ ਡੀ. ਆਈ. ਜੀ. ਰਣਜੀਤ ਸਿੰਘ ਦੀ ਅਗਵਾਈ ਹੇਠਾਂ ਅੱਜ ਸ਼ਰਾਬ ਫੈਕਟਰੀ ਅੱਗੇ ਭਾਰੀ ਪੁਲਸ ਫੋਰਸ ਤੋਂ ਇਲਾਵਾ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਵੱਡੀ ਗਿਣਤੀ 'ਚ ਇਕੱਠੀਆਂ ਹੋਈਆ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕਾਕਾ ਸਿੰਘ ਸਿੱਧੂਪੁਰ ਏਕਤਾ ਦੀ ਅਗਵਾਈ ਹੇਠਾਂ, ਬੇਰੀਕੇਡਾਂ ਨੂੰ ਤੋੜਦਿਆਂ ਉਨ੍ਹਾਂ ਨੂੰ ਕਣਕ ਦੇ ਖੇਤਾਂ 'ਚ ਸੁੱਟ ਦਿੱਤਾ ਅਤੇ ਧਰਨੇ ਵਾਲੀ ਥਾਂ ਦਾਖ਼ਲ ਹੋ ਗਏ। ਡੀ. ਆਈ. ਜੀ. ਰਣਜੀਤ ਸਿੰਘ , ਐੱਸ. ਐੱਸ. ਪੀ. ਮੈਡਮ ਕਮਲਜੀਤ ਕੌਰ, ਐੱਸ. ਪੀ. ਗੁਰਮੀਤ ਸਿੰਘ ਸਮੇਤ ਪੁਲਸ ਫੋਰਸ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਸ਼ਾਂਤੀ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਸਭ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਰਹੇ। 

ਇਹ ਵੀ ਪੜ੍ਹੋ- ਵੱਡੇ ਵਿਵਾਦ ’ਚ ਘਿਰਿਆ ਥਾਣਾ ਸਰਾਭਾ ਨਗਰ ਦਾ ਐੱਸ. ਐੱਚ. ਓ., ਜਾਣੋ ਕੀ ਹੈ ਪੂਰਾ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਪੁਲਸ ਫੋਰਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਬੱਸਾਂ ਵੀ ਲਗਾਈਆਂ ਸਨ ਅਤੇ ਉਨ੍ਹਾਂ ਵੱਲੋਂ ਧਰਨਾਕਾਰੀਆਂ ਨੂੰ ਸ਼ਾਂਤੀਮਈ ਢੰਗ ਨਾਲ ਅੰਦਰ ਜਾਣ ਦੀ ਅਪੀਲ ਵੀ ਕੀਤੀ ਗਈ ਸੀ ਪਰ ਕੁਝ ਨੌਜਵਾਨ ਕਿਸਾਨਾਂ ਵੱਲੋਂ ਰੋਸ ਪ੍ਰਗਟ ਕਰਦਿਆਂ ਸੁਰੱਖਿਆ ਪ੍ਰਬੰਧਾਂ ਨੂੰ ਤੋੜਦਿਆਂ ਮਾਹੌਲ ਤਣਾਪੂਰਨ ਬਣਾ ਦਿੱਤਾ ਗਿਆ। ਇਸ ਦੌਰਾਨ ਪੁਲਸ ਨੇ ਨਾ ਤਾਂ ਲਾਠੀਚਾਰਜ ਕੀਤਾ ਅਤੇ ਨਾ ਹੀ ਹਿੰਸਾ ਨੂੰ ਜ਼ਿਆਦਾ ਭੜਕਣ ਦਿੱਤਾ। ਦੱਸਣਯੋਗ ਹੈ ਕਿ ਸਾਂਝੇ ਮੋਰਚੇ ਵੱਲੋਂ ਵੀ ਲਗਾਤਾਰ ਧਰਨਾਕਾਰੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਸੀ ਤੇ ਅੱਜ ਧਰਨੇ ਵਾਲੇ ਮੁੱਖ ਥਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਸ਼ਾਂਤਮਈ ਢੰਗ ਨਾਲ ਪਾ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਮਾਣਯੋਗ ਹਾਈਕੋਰਟ 'ਚ ਵੀ ਇਸ ਮਾਮਲੇ ਦੀ ਸੁਣਵਾਈ ਹੈ ਅਤੇ ਸਰਕਾਰ ਇਸ ਸਬੰਧੀ ਕੀ ਫ਼ੈਸਲਾ ਲੈਂਦੀ ਹੈ, ਸਭ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਹੋਈਆਂ ਹਨ। 

ਇਹ ਵੀ ਪੜ੍ਹੋ- ਮੁਕਤਸਰ 'ਚ ਸਰਕਾਰੀ ਕਾਲਜ ਦੀ ਕੰਧ 'ਤੇ ਲਿਖੇ ਮਿਲੇ ਦੇਸ਼-ਵਿਰੋਧੀ ਨਾਅਰੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto