ਬਠਿੰਡਾ : ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਲਾਸ਼ ਮਿਲਣ ਨਾਲ ਮਚਿਆ ਹੜਕੰਪ

02/21/2018 1:42:49 PM

ਬਠਿੰਡਾ (ਪਰਮਿੰਦਰ) : ਸਿਵਲ ਹਸਪਤਾਲ ਵਿਚ ਸਵੇਰੇ 4 ਵਜੇ ਕੋਈ ਅਣਪਛਾਤਾ ਵਿਅਕਤੀ ਇਕ ਲਾਸ਼ ਨੂੰ ਹਸਪਤਾਲ ਦੀ ਐਮਰਜੈਂਸੀ ਵਿਚ ਰੱਖ ਕੇ ਫਰਾਰ ਹੋ ਗਿਆ। ਲਗਭਗ 44 ਸਾਲ ਦੇ ਵਿਅਕਤੀ ਦੀ ਲਾਵਾਰਿਸ ਲਾਸ਼ ਹਸਪਤਾਲ ਦੇ ਬਰਾਂਡੇ ਵਿਚ ਮਿਲਣ ਨਾਲ ਹੜਕੰਪ ਮਚ ਗਿਆ। ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਉਕਤ ਵਿਅਕਤੀ ਦੀ ਲਾਸ਼ ਕਿੱਥੋਂ ਆਈ ਜਾਂ ਇਸ ਨੂੰ ਕੌਣ ਲੈ ਕੇ ਆਇਆ। ਇਸ ਸਾਰੇ ਮਾਮਲੇ ਵਿਚ ਹਸਪਤਾਲ ਦੀ ਚੌਂਕੀ ਪੁਲਸ ਜਾਂਚ ਵਿਚ ਜੁੱਟ ਗਈ ਹੈ।
ਪਤਾ ਲੱਗਾ ਹੈ ਕਿ ਹਸਪਤਾਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਖਰਾਬ ਸਨ, ਜਿਸ ਕਾਰਨ ਇਸ ਸੰਬੰਧੀ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਸਾਰੇ ਮਾਮਲੇ ਵਿਚ ਪੁਲਸ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ ਤਾਂ ਜੋ ਉਕਤ ਵਿਅਕਤੀ ਦੀ ਸ਼ਨਾਖਤ ਹੋ ਸਕੇ।