ਲੁਧਿਆਣਾ : ਸਿਟੀ ਟਾਪਰ ਬਣੇ ਤਾਂ ਮਿਲੇਗੀ ਨਵੀਂ ਐਕਟਿਵਾ

06/25/2018 4:26:26 PM

ਲੁਧਿਆਣਾ (ਵਿੱਕੀ) : ਐੱਮ. ਐੱਲ. ਏ. ਚੁਣੇ ਜਾਣ ਤੋਂ ਬਾਅਦ ਹੀ ਆਪਣੇ ਵਿਧਾਨ ਸਭਾ ਖੇਤਰ 'ਚ ਸਿੱਖਿਆ ਸਬੰਧੀ ਬੁਨਿਆਦੀ ਸੁਵਿਧਾਵਾਂ ਦੀ ਘਾਟ ਦੂਰ ਕਰਨ ਲਈ ਯਤਨਸ਼ੀਲ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਨੇ ਹੁਣ ਵਿਦਿਆਰਥੀਆਂ ਨੂੰ ਮੋਟੀਵੇਟ ਕਰਨ ਦੀ ਦਿਸ਼ਾ ਵਿਚ ਵੀ ਕਦਮ ਵਧਾਏ ਹਨ। ਤਲਵਾੜ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਵਿਚ ਰਹਿਣ ਵਾਲੇ ਕਿਸੇ ਵੀ ਵਿਦਿਆਰਥੀ ਦਾ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਸ਼ਹਿਰ 'ਚ ਟਾਪ ਰੈਂਪ ਆਉਂਦਾ ਹੈ ਤਾਂ ਉਹ ਉਸ ਨੂੰ ਆਪਣੀ ਜੇਬ ਤੋਂ ਪੈਸੇ ਖਰਚ ਕਰ ਕੇ ਪੁਰਸਕਾਰ ਦੇ ਰੂਪ ਵਿਚ ਐਕਟਿਵਾ ਦੇ ਕੇ ਸਨਮਾਨਤ ਕਰਨਗੇ। ਤਲਵਾੜ ਨੇ ਇਹ ਐਲਾਨ ਪੀ. ਐੱਸ. ਈ. ਬੀ., ਸੀ. ਬੀ. ਐੱਸ. ਈ., ਆਈ. ਸੀ. ਐੱਸ. ਈ. 10ਵੀਂ ਅਤੇ 12ਵੀਂ ਦੇ ਉਨ੍ਹਾਂ ਵਿਦਿਆਰਥੀਆਂ 'ਤੇ ਲਾਗੂ ਹੋਵੇਗਾ ਜੋ ਹਲਕਾ ਪੂਰਬੀ ਦੇ ਨਿਵਾਸੀ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਦੇ ਉਕਤ ਐਲਾਨ ਤੋਂ ਬਾਅਦ ਇਸ ਖੇਤਰ ਦੇ ਵਿਦਿਆਰਥੀਆਂ 'ਚ ਹੋਰ ਜ਼ਿਆਦਾ ਮੁਕਾਬਲਾ ਪੈਦਾ ਹੋਵੇਗਾ। 
ਸਿਰਫ ਪੀ. ਐੱਸ. ਈ. ਬੀ. ਹੀ ਦਿੰਦੈ ਨਕਦ ਪੁਰਸਕਾਰ 
ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਹੀ ਹੁਣ ਤੱਕ ਰਾਜ ਵਿਚ ਪਹਿਲੇ 3 ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1 ਲੱਖ, 75 ਹਜ਼ਾਰ ਅਤੇ 50 ਹਜ਼ਾਰ ਰੁਪਏ ਨਕਦ ਪੁਰਸਕਾਰ ਦੇ ਕੇ ਸਨਮਾਨਤ ਕਰ ਰਿਹਾ ਹੈ ਪਰ ਹੁਣ ਕੋਈ ਵੀ ਬੋਰਡ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਸੁਵਿਧਾ ਨਹੀਂ ਦੇ ਰਿਹਾ ਪਰ ਆਪਣੇ ਵਿਧਾਨ ਸਭਾ ਖੇਤਰ 'ਚ ਵਿਦਿਆਰਥੀਆਂ ਨੂੰ ਜ਼ਿਲੇ ਵਿਚ ਟਾਪ ਕਰਵਾਉਣ ਨੂੰ ਲੈ ਕੇ ਵਿਧਾਇਕ ਤਲਵਾੜ ਨੇ ਉਕਤ ਐਲਾਨ ਕਰ ਕੇ ਬੱਚਿਆਂ ਨੂੰ ਅੱਗੇ ਵਧਣ ਲਈ ਵੀ ਪ੍ਰੇਰਿਤ ਕੀਤਾ ਹੈ।
ਸਰਕਾਰੀ ਸਕੂਲਾਂ 'ਚ ਡੈਸਕ ਉਪਲੱਬਧ ਕਰਵਾਉਣ ਦਾ ਐਲਾਨ 
ਵਰਨਣਯੋਗ ਹੈ ਕਿ ਆਪਣੇ ਲਗਭਗ ਸਵਾ ਸਾਲ ਦੇ ਕਾਰਜਕਾਲ ਦੌਰਾਨ ਸੰਜੇ ਨੇ ਖੇਤਰ ਦੇ ਸਰਕਾਰੀ ਸਕੂਲਾਂ ਦੀ ਦਸ਼ਾ ਨੂੰ ਸੁਧਾਰਨ ਲਈ ਯਤਨ ਕੀਤੇ ਹਨ। ਇਸ ਲੜੀ ਤਹਿਤ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਡੈਸਕਾਂ ਦੀ ਸੁਵਿਧਾ ਦੇਣ ਤੋਂ ਇਲਾਵਾ ਕਮਰਿਆਂ ਦੀ ਘਾਟ ਦੂਰ ਕਰਨ ਦੇ ਨਾਲ ਕਈ ਜਗ੍ਹਾ ਇੰਫ੍ਰਾਸਟ੍ਰਕਚਰ ਦੀ ਘਾਟ ਪੂਰੀ ਕੀਤੀ ਹੈ।
ਤਲਵਾੜ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਦੇ ਵਿਧਾਨ ਸਭਾ ਖੇਤਰ 'ਚ ਆਉਂਦੇ ਕਿਸੇ ਵੀ ਸਰਕਾਰੀ ਸਕੂਲ ਦਾ ਵਿਦਿਆਰਥੀ ਹੁਣ ਜ਼ਮੀਨ 'ਤੇ ਬੈਠ ਪੜ੍ਹਾਈ ਨਹੀਂ ਕਰੇਗਾ। ਇਸ ਲਈ ਹੁਣ ਉਹ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਦੇ ਹੀ ਸਰਕਾਰੀ ਸਕੂਲਾਂ ਦਾ ਅਚਾਨਕ ਨਿਰੀਖਣ ਵੀ ਸ਼ੁਰੂ ਕਰਨਗੇ। ਜਿੱਥੇ ਬੱਚਿਆਂ ਤੋਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਬਾਰੇ ਜਾਣ ਕੇ ਉਨ੍ਹਾਂ ਨੂੰ ਦੂਰ ਕਰਵਾਇਆ ਜਾਵੇਗਾ।