ਸਿਟੀ ਇੰਸਟੀਚਿਊਟ: ਗੈਰ-ਹਾਜ਼ਰ ਰਹਿਣ ਤੇ ਵਾਰ-ਵਾਰ ਘਰ ਜਾਣ ਵਾਲੇ ਵਿਦਿਆਰਥੀ ਪੁਲਸ ਦੇ ਨਿਸ਼ਾਨੇ 'ਤੇ

10/18/2018 12:45:08 PM

ਜਲੰਧਰ (ਰਵਿੰਦਰ)— ਏ. ਕੇ.-56 ਰਾਈਫਲ ਅਤੇ ਵਿਸਫੋਟਕ ਸਮੱਗਰੀ ਦੇ ਨਾਲ ਗ੍ਰਿਫਤਾਰ ਤਿੰਨ ਅੱਤਵਾਦੀਆਂ ਤੋਂ ਬਾਅਦ ਸੀ. ਟੀ. ਇੰਸਟੀਚਿਊਟ ਅਤੇ ਸੇਂਟ ਸੋਲਜਰ 'ਚ ਪੜ੍ਹਨ ਵਾਲੇ ਹੋਰ ਵਿਦਿਆਰਥੀ ਪੁਲਸ ਦੇ ਨਿਸ਼ਾਨੇ 'ਤੇ ਹਨ। ਬੁੱਧਵਾਰ ਨੂੰ ਪੁਲਸ ਨੇ ਦੋਵਾਂ ਕਾਲਜਾਂ 'ਚ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਦੀ ਪਿਛਲੇ ਦੋ ਮਹੀਨਿਆਂ ਦੀ ਅਟੈਂਡੈਂਟਸ ਚੈੱਕ ਕੀਤੀ ਅਤੇ ਰਿਕਾਰਡ ਆਪਣੇ ਨਾਲ ਲੈ ਗਈ। ਪੁਲਸ ਅਟੈਂਡੈਂਟਸ ਰਜਿਸਟਰ ਤੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰੇਗੀ ਕਿ ਕਿਹੜਾ-ਕਿਹੜਾ ਵਿਦਿਆਰਥੀ ਕਾਲਜ 'ਚ ਜ਼ਿਆਦਾ ਗੈਰ-ਹਾਜ਼ਰ ਰਿਹਾ ਅਤੇ ਕਿਹੜੇ ਵਿਦਿਆਰਥੀਆਂ ਨੇ ਕਿੰਨੀ ਵਾਰ ਕਸ਼ਮੀਰ 'ਚ ਆਪਣੇ ਘਰ ਚੱਕਰ ਲਗਾਏ। ਜ਼ਿਆਦਾ ਗੈਰ-ਹਾਜ਼ਰ ਰਹਿਣ ਅਤੇ ਵਾਰ-ਵਾਰ ਕਸ਼ਮੀਰ ਜਾਣ ਵਾਲੇ ਵਿਦਿਆਰਥੀਆਂ ਤੋਂ ਪੁਲਸ ਪੁੱਛਗਿੱਛ ਕਰ ਸਕਦੀ ਹੈ। ਪੁਲਸ ਨੂੰ ਸ਼ੱਕ ਹੈ ਕਿ ਫੜੇ ਗਏ ਅੱਤਵਾਦੀਆਂ ਦੇ ਨਾਲ ਹੋਰ ਕਸ਼ਮੀਰੀ ਨੌਜਵਾਨਾਂ ਦਾ ਵੀ ਲਿੰਕ ਹੋ ਸਕਦਾ ਹੈ। ਉਥੇ ਪੁਲਸ ਨੇ ਦੂਜੇ ਸੂਬਿਆਂ ਤੋਂ ਆਏ ਵਿਦਿਆਰਥੀਆਂ ਦੀ ਵੈਰੀਫਿਕੇਸ਼ਨ ਲਈ ਕਾਲਜ ਪ੍ਰਬੰਧਨ ਨੂੰ ਇਕ ਪ੍ਰੋਫਾਰਮਾ ਭੇਜਿਆ ਹੈ। ਪੰਜਾਬ ਰਾਈਟਸ ਟੂ ਸਰਵਿਸ ਐਕਟ 2011 ਦੇ ਤਹਿਤ ਇਸ ਪ੍ਰੋਫਾਰਮੇ ਨੂੰ ਸਟਰੇਂਜਰ ਵੈਰੀਫਿਕੇਸ਼ਨ ਦਾ ਨਾਂ ਦਿੱਤਾ ਗਿਆ ਹੈ।

ਕਸ਼ਮੀਰੀ ਵਿਦਿਆਰਥੀਆਂ ਦੇ ਮੋਬਾਇਲ ਨੰਬਰਾਂ ਦਾ ਡਾਟਾ ਵੀ ਇਕੱਠਾ ਕਰੇਗੀ ਪੁਲਸ
ਸੂਬੇ ਭਰ 'ਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਵੈਰੀਫਿਕੇਸ਼ਨ ਦੇ ਨਾਲ-ਨਾਲ ਪੁਲਸ ਇਨ੍ਹਾਂ ਵਿਦਿਆਰਥੀਆਂ ਦਾ ਮੋਬਾਇਲ ਨੰਬਰ ਡਾਟਾ ਵੀ ਇਕੱਠਾ ਕਰੇਗੀ। ਪੁਲਸ ਡਾਟਾ ਇਕੱਠਾ ਕਰਨ ਤੋਂ ਬਾਅਦ ਇਸ ਗੱਲ ਦਾ ਪਤਾ ਲਾਏਗੀ ਕਿ ਇਨ੍ਹਾਂ ਨੰਬਰਾਂ ਤੋਂ ਪਿਛਲੇ ਸਮੇਂ 'ਚ ਕਿੱਥੇ-ਕਿੱਥੇ ਗੱਲ ਹੋਈ ਹੈ। ਸ਼ੱਕ ਪਾਏ ਜਾਣ 'ਤੇ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਪੁਲਸ ਜਾਂਚ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਪੁਲਸ ਨੂੰ ਅਜੇ ਵੀ ਸ਼ੱਕ ਹੈ ਕਿ ਫੜੇ ਗਏ ਅੱਤਵਾਦੀਆਂ ਦੇ ਹੋਰ ਮਾਡਿਊਲ ਅਜੇ ਵੀ ਕਾਲਜ 'ਚ ਸਰਗਰਮ ਹੋ ਸਕਦੇ ਹਨ।

ਸੀ. ਆਈ. ਏ. ਸਟਾਫ ਦੀ ਬਜਾਏ ਕੰਟਰੋਲ ਰੂਮ ਬਣਿਆ ਇੰਟੈਰੋਗੇਸ਼ਨ ਸੈਂਟਰ
ਸੀ. ਟੀ. ਇੰਸਟੀਚਿਊਟ ਤੋਂ ਗ੍ਰਿਫਤਾਰ 3 ਅੱਤਵਾਦੀਆਂ 'ਚੋਂ ਇਕ ਜਿਥੇ ਜ਼ੇਰੇ ਇਲਾਜ ਹੈ ਤਾਂ 2 ਅੱਤਵਾਦੀਆਂ ਤੋਂ ਪੁਲਸ ਅਤੇ ਸੈਂਟਰਲ ਏਜੰਸੀਆਂ ਦੀ ਲਗਾਤਾਰ ਪੁੱਛਗਿੱਛ ਜਾਰੀ ਹੈ। ਫੜੇ ਗਏ ਅੱਤਵਾਦੀ ਜਾਹਿਦ ਗੁਲਜ਼ਾਰ ਤੇ ਇਦਰੀਸ ਸ਼ਾਹ ਨੂੰ ਅੱਜ ਸੀ. ਆਈ. ਏ. ਸਟਾਫ ਪੁਲਸ ਦੁਬਾਰਾ ਸਿਵਲ ਹਸਪਤਾਲ ਲੈ ਕੇ ਗਈ, ਜਿੱਥੇ ਉਨ੍ਹਾਂ ਦਾ ਮੈਡੀਕਲ ਚੈੱਕਅਪ ਹੋਇਆ। ਮੈਡੀਕਲ ਚੈੱਕਅਪ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਨੂੰ ਪੁਲਸ ਕੰਟਰੋਲ ਰੂਮ ਲਿਜਾਇਆ ਗਿਆ, ਜਿੱਥੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਟੀਮ ਲਗਾਤਾਰ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੀ. ਆਈ. ਏ. ਸਟਾਫ ਦੀ ਬਜਾਏ ਪੁਲਸ ਕੰਟਰੋਲ ਰੂਮ ਅੱਜਕਲ ਇੰਟੈਰੋਗੇਸ਼ਨ ਸੈਂਟਰ ਬਣਿਆ ਹੋਇਆ ਹੈ।