ਜਲੰਧਰ ਤੋਂ ਬਾਅਦ ਲੁਧਿਆਣਾ ''ਚ ਧਮਾਕੇ ਕਰਨਾ ਚਾਹੁੰਦੇ ਸਨ ਸਿਟੀ ਇੰਸਟੀਚਿਊਟ ''ਚੋਂ ਫੜੇ ਗਏ ਅੱਤਵਾਦੀ

10/11/2018 3:40:21 PM

ਜਲੰਧਰ (ਮ੍ਰਿਦੁਲ)- ਸੀ. ਟੀ. ਇੰਸਟੀਚਿਊਟ 'ਚ ਕਾਊਂਟਰ ਇੰਟੈਲੀਜੈਂਸ ਅਤੇ ਸਪੈਸ਼ਲ ਆਰਗੇਨਾਈਜ਼ੇਸ਼ਨ ਗਰੁੱਪ, ਆਈ. ਬੀ. ਅਤੇ ਕਮਿਸ਼ਨਰੇਟ ਪੁਲਸ ਵੱਲੋਂ ਫੜੇ ਗਏ ਅੱਤਵਾਦੀ ਮੁਹੰਮਦ ਇਦਰੀਸ ਸ਼ਾਹ, ਜਾਹਿਦ ਗੁਲਜਾਰ, ਯਾਸਿਰ ਰਫੀਕ ਭੱਟ ਨੂੰ ਫੜਨ 'ਚ ਸਫਲਤਾ ਪੁਲਸ ਨੂੰ ਤਾਂ ਮਿਲੀ ਜਦੋਂ ਕਾਊਂਟਰ ਇੰਟੈਲੀਜੈਂਸ ਚੰਡੀਗੜ੍ਹ ਦੀ ਟੀਮ ਨੇ 10 ਦਿਨ ਪਹਿਲਾਂ ਪਟਿਆਲਾ 'ਚ ਰੇਡ ਕਰਕੇ ਇਕ ਹੋਰ ਅੱਤਵਾਦੀ ਨੂੰ ਕਾਬੂ ਕੀਤਾ ਸੀ। ਜਿਸ ਤੋਂ ਬਾਅਦ ਇੰਟਲੀਜੈਂਟ ਨੂੰ ਇਨਪੁੱਟ ਮਿਲੀ ਸੀ ਕਿ ਉਨ੍ਹਾਂ ਦੇ ਸਾਥੀ ਜਲੰਧਰ 'ਚ ਸੀ. ਟੀ. ਇੰਸਟੀਚਿਊਟ ਅਤੇ ਸੇਂਟ ਸੋਲਜਰ ਕਾਲਜ 'ਚ ਰਹਿ ਰਹੇ ਹਨ। ਜਿਸ 'ਤੇ ਪੁਲਸ ਨੇ ਤਿੰਨ ਦਿਨ ਪੂਰੀ ਰੇਕੀ ਕਰਨ ਤੋਂ ਬਾਅਦ ਸੀ. ਟੀ. ਇੰਸਟੀਚਿਊਟ 'ਚ ਰੇਡ ਕਰਕੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੂੰ ਜਲੰਧਰ 'ਚ ਰਹਿਣ ਅਤੇ ਖਾਣ ਪੀਣ ਲਈ ਹਵਾਲਾ ਜ਼ਰੀਏ ਫੰਡਿੰਗ ਹੋ ਰਹੀ ਸੀ।
ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਜਾਂਚ 'ਚ ਸੇਂਟ ਸੋਲਜਰ 'ਚ ਪੜ੍ਹਦੇ ਨੌਜਵਾਨ ਮੁਹੰਮਦ ਇਦਰੀਸ ਸ਼ਾਹ ਨੇ ਦੱਸਿਆ ਕਿ ਉਹ ਅਤੇ ਉਸ ਦੇ ਦੋਸਤ ਜਾਹਿਦ ਅਤੇ ਯੂਸੁਫ ਰਾਫਿਕ ਭੱਟ ਦਾ ਜਨਮ ਸੰਨ 1999 'ਚ ਹੋਇਆ ਸੀ। ਉਨ੍ਹਾਂ ਤਿੰਨਾਂ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ ਅਤੇ ਪਰਿਵਾਰ ਦੇ ਸਾਰੇ ਲੋਕ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹਨ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਪੜ੍ਹਨ ਲਿਖਣ ਦੀ ਪੂਰੀ ਛੋਟ ਦਿੱਤੀ ਹੋਈ ਹੈ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਮੁਹੰਮਦ ਇਦਰੀਸ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਟਾਰਗੇਟ ਜਲੰਧਰ ਹੀ ਸੀ ਅਤੇ ਇਸ ਤੋਂ ਇਲਾਵਾ ਲੁਧਿਆਣਾ ਅਤੇ ਪਟਿਆਲਾ 'ਚ ਵੀ ਬਲਾਸਟ ਦਾ ਪਲਾਨ ਬਣਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਪਲਾਨਿੰਗ ਵਾਪਸ ਕਸ਼ਮੀਰ ਜਾਣ ਦੀ ਸੀ। ਜਿਸ ਲਈ ਉਨ੍ਹਾਂ ਨੂੰ ਹਵਾਲਾ ਦੇ ਜ਼ਰੀਏ ਪੇਮੈਂਟ ਆਈ ਸੀ।

6 ਮਹੀਨੇ ਪਹਿਲਾਂ ਹੀ ਆ ਗਈ ਸੀ ਧਮਾਕਾਖੇਜ਼ ਸਮੱਗਰੀ ਤੇ 1 ਮਹੀਨਾ ਪਹਿਲਾਂ ਸਬਜ਼ੀ ਦੇ ਟਰੱਕ 'ਚ ਸਟੂਡੈਂਟਸ ਨੂੰ ਦਿੱਤੀ ਗਈ ਸੀ ਏ. ਕੇ. 47
ਸੂਤਰਾਂ ਅਨੁਸਾਰ ਤਾਂ ਹੋਸਟਲ 'ਚ ਮੁਲਜ਼ਮਾਂ ਕੋਲੋਂ ਬਰਾਮਦ ਹੋਈ ਸਮੱਗਰੀ 6 ਮਹੀਨੇ ਪਹਿਲਾਂ ਹੀ ਆ ਗਈ ਸੀ ਜੋ ਕਿ ਉਨ੍ਹਾਂ ਆਪਣੇ ਹੋਸਟਲ ਅੰਦਰ ਸੰਭਾਲ ਕੇ ਰੱਖੀ ਸੀ। ਉਥੇ ਉਨ੍ਹਾਂ ਹੀ ਉਨ੍ਹਾਂ ਨੂੰ ਏ. ਕੇ. 47 ਵੀ ਹਵਾਲਾ ਦੇ ਜ਼ਰੀਏ ਮਿਲੀ ਸੀ। ਜੋ ਕਿ ਸਮੁੰਦਰ ਦੇ ਰਸਤੇ ਲਿਆਂਦੀ ਗਈ ਸੀ। ਜਿਸ ਤੋਂ ਬਾਅਦ ਇਸ ਨੂੰ ਇਕ ਸਬਜ਼ੀ ਦੇ ਟਰੱਕ 'ਚ ਜਲੰਧਰ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਹਵਾਲਾ ਕਰਿੰਦਿਆਂ ਰਾਹੀਂ ਸਦਰ ਏਰੀਏ 'ਚ ਦਿੱਤੀ ਗਈ ਸੀ।

ਹਵਾਲਾ ਦੇ ਜ਼ਰੀਏ ਹੋ ਰਹੀ ਸੀ ਫੰਡਿੰਗ, ਰਾਜਸਥਾਨ ਦੇ ਹਵਾਲਾ ਕਰਿੰਦਿਆਂ ਦਾ ਨਾਂ ਆ ਰਿਹਾ ਸਾਹਮਣੇ
ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੂੰ ਹਵਾਲਾ ਦੇ ਜ਼ਰੀਏ ਫੰਡਿੰਗ ਕੀਤੀ ਜਾ ਰਹੀ ਸੀ। ਜਿਸਦੇ ਜ਼ਰੀਏ ਉਨ੍ਹਾਂ ਨੂੰ ਸਾਰੇ ਪੈਸੇ ਭੇਜੇ ਜਾ ਰਹੇ ਸਨ ਤੇ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਦਾ ਮਕਸਦ ਸੀ ਪੈਸਿਆਂ ਦੇ ਦਮ 'ਤੇ ਹੋਰ ਵੀ ਸਟੂਡੈਂਟਸ ਨੂੰ ਆਪਣੇ ਨਾਲ ਜੋੜ ਕੇ ਬੰਬ ਬਣਾਉਣ ਦੀ ਸਮੱਗਰੀ ਤੇ ਬੰਬ ਅੱਗੇ ਪਹੁੰਚਾਏ ਜਾਣ ਤਾਂ ਜੋ ਜੇਕਰ ਕੋਈ ਪੁਲਸ ਦੇ ਸ਼ੱਕ ਦੇ ਘੇਰੇ ਵਿਚ ਕੋਈ ਸਟੂਡੈਂਟ ਆਏ ਤਾਂ ਉਨ੍ਹਾਂ ਦੇ ਰਾਹੀਂ ਉਹ ਨਾ ਫੜੇ ਜਾਣ।