ਨਗਰ ਕੌਂਸਲ ਦੇ ਉਪ ਪ੍ਰਧਾਨ ਝੀਤਾ ਨੂੰ ਮਿਲੀ ਜ਼ਮਾਨਤ

07/08/2017 7:18:22 AM

ਕਪੂਰਥਲਾ, (ਮਲਹੋਤਰਾ)- ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤਾ ਦੀ ਉਲੰਘਣਾ ਕਰਦੇ ਹੋਏ ਖੇਤਰ ਦੀ ਇਕ ਗਲੀ ਨੂੰ ਬਿਨਾਂ ਮਨਜ਼ੂਰੀ ਦੇ ਪੁੱਟਣ ਤੇ ਸਰਕਾਰੀ ਕਾਗਜ਼ਾਂ ਨਾਲ ਛੇੜਛਾੜ ਕਰਨ ਦੇ ਦੋਸ਼ 'ਚ 30 ਜੂਨ ਤੋਂ ਕਪੂਰਥਲਾ ਦੀ ਮਾਡਰਨ ਜੇਲ 'ਚ ਬੰਦ ਨਗਰ ਕੌਂਸਲ ਕਪੂਰਥਲਾ ਦੇ ਉਪ ਪ੍ਰਧਾਨ ਹਰਦਿਆਲ ਸਿੰਘ ਝੀਤਾ ਨੂੰ ਸ਼ੁੱਕਰਵਾਰ ਨੂੰ ਮਾਣਯੋਗ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। 
ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੌਰਾਨ ਥਾਣਾ ਸਿਟੀ ਦੀ ਪੁਲਸ ਨੇ ਨਗਰ ਕੌਂਸਲ ਦੇ ਉਪ ਪ੍ਰਧਾਨ ਹਰਦਿਆਲ ਸਿੰਘ ਝੀਤਾ ਨੂੰ ਆਪਣੇ ਖੇਤਰ ਦੇ ਵੋਟਰਾਂ ਨੂੰ ਲਾਭ ਲੈਣ ਦੇ ਮਕਸਦ ਨਾਲ ਗਲੀ ਨੂੰ ਬਿਨਾਂ ਮਨਜ਼ੂਰੀ ਦੇ ਤੋੜਨ ਤੇ ਸਰਕਾਰੀ ਕਾਗਜ਼ਾਤ 'ਚ ਛੇੜਛਾੜ ਕਰਨ ਦੇ ਦੋਸ਼ 'ਚ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਸੀ। ਬਾਅਦ 'ਚ 30 ਜੂਨ ਨੂੰ ਝੀਤਾ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ 'ਚ ਅਦਾਲਤ ਨੇ 14 ਦਿਨ ਦੇ ਜੂਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ। ਝੀਤਾ ਦੀ ਜ਼ਮਾਨਤ ਨਾ ਹੋਣ ਨੂੰ ਲੈ ਕੇ ਰਾਜਨੀਤਿਕ ਖੇਤਰ 'ਚ ਕਈ ਤਰ੍ਹਾਂ ਦੀਆਂ ਕਿਆਸ ਲਗਾਈਆਂ ਜਾ ਰਹੀਆਂ ਹਨ। ਮਾਹਿਰਾਂ ਦਾ ਇਥੋਂ ਤੱਕ ਕਹਿਣਾ ਹੈ ਕਿ ਜੇਕਰ ਉਪ ਪ੍ਰਧਾਨ ਦੇ ਅਹੁਦੇ 'ਤੇ ਵਿਰਾਜਮਾਨ ਭਾਜਪਾ ਨੇਤਾ ਹਰਦਿਆਲ ਸਿੰਘ ਝੀਤਾ ਜੇਲ 'ਚ ਰਹਿੰਦੇ ਹਨ ਤਾਂ ਉਪ ਪ੍ਰਧਾਨ ਦੇ ਅਹੁਦੇ 'ਤੇ ਕਾਂਗਰਸ ਪਾਰਟੀ ਕਬਜ਼ਾ ਕਰ ਸਕਦੀ ਹੈ।  ਜ਼ਿਕਰਯੋਗ ਹੈ ਕਿ ਪਹਿਲਾਂ ਵੀ ਨਗਰ ਕੌਂਸਲ ਕਪੂਰਥਲਾ ਦੇ ਪ੍ਰਧਾਨ ਅਹੁਦੇ 'ਤੇ ਕੰਮ ਕਰ ਰਹੇ ਮੈਡਮ ਅੰਮ੍ਰਿਤਪਾਲ ਕੌਰ ਵਿਧਾਨ ਸਭਾ ਤੋਂ ਸਾਬਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਉਦੋਂ ਤੋਂ ਨਗਰ ਕੌਂਸਲ ਕਪੂਰਥਲਾ ਦੇ ਪ੍ਰਧਾਨ ਅਹੁਦੇ 'ਤੇ ਕਾਂਗਰਸ ਪਾਰਟੀ ਦੀ ਅੰਮ੍ਰਿਤਪਾਲ ਕੌਰ ਦਾ ਕਬਜ਼ਾ ਚਲ ਰਿਹਾ ਹੈ। ਭਾਜਪਾ ਨੇਤਾ ਹਰਦਿਆਲ ਸਿੰਘ ਝੀਤਾ ਦੀ ਜ਼ਮਾਨਤ ਤੋਂ ਬਾਅਦ ਕਾਂਗਰਸੀਆਂ 'ਚ ਚੱਲ ਰਹੀਆਂ ਸਾਰੀਆਂ ਕਿਆਸਅਰਾਈਆਂ 'ਤੇ ਵਿਰਾਮ ਲੱਗ ਗਿਆ।