ਰਹਿਣ ਲਾਇਕ ਸ਼ਹਿਰਾਂ ਦੀ ਸ਼੍ਰੇਣੀ ’ਚ ਲੁਧਿਆਣਾ ਤੇ ਅੰਮ੍ਰਿਤਸਰ ਤੋਂ ਵੀ ਪੱਛੜ ਗਿਆ ਜਲੰਧਰ

08/15/2018 5:36:34 AM

ਜਲੰਧਰ,    (ਖੁਰਾਣਾ)-  ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲਾ ਨੇ ਕੁਝ ਸਮਾਂ ਪਹਿਲਾਂ ਰਹਿਣ  ਯੋਗ ਸ਼ਹਿਰਾਂ ਦਾ ਇਕ ਮੁਕਾਬਲਾ ਕਰਵਾਇਆ ਸੀ, ਜਿਸ ਵਿਚ ਬੁਨਿਆਦੀ ਸਹੂਲਤਾਂ, ਸਮਾਜਿਕ ਤੇ  ਆਰਥਿਕ ਢਾਂਚੇ ਨੂੰ ਆਧਾਰ ਬਣਾਇਆ ਗਿਆ ਸੀ। ਇਸ ਸੂਚੀ ਵਿਚ ਪੂਣੇ ਸ਼ਹਿਰ ਨੇ ਟਾਪ ਕੀਤਾ, ਜਦੋਂਕਿ ਜਲੰਧਰ 77ਵੇਂ ਸਥਾਨ ’ਤੇ ਜਾ ਪਹੁੰਚਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜਲੰਧਰ  ਜੋ ਕਦੀ ਪੰਜਾਬ ਦਾ ਸਭ ਤੋਂ ਖੂਬਸੂਰਤ ਤੇ ਰਹਿਣ ਲਾਇਕ ਸ਼ਹਿਰ ਹੁੰਦਾ ਸੀ, ਹੁਣ ਉਹ ਆਪਣੇ  ਗੁਆਂਢੀ ਸ਼ਹਿਰਾਂ ਲੁਧਿਆਣਾ ਤੇ ਅੰਮ੍ਰਿਤਸਰ ਤੋਂ ਵੀ ਪੱਛੜ  ਗਿਆ ਹੈ। ਲੁਧਿਆਣਾ ਨੂੰ  ਪੰਜਾਬ ਵਿਚ ਪਹਿਲਾ ਤੇ ਰਾਸ਼ਟਰੀ ਸੂਚੀ ਵਿਚ 35ਵਾਂ ਸਥਾਨ ਮਿਲਿਆ ਹੈ, ਜਦੋਂਕਿ ਗੁਰੂ  ਨਗਰੀ ਅੰਮ੍ਰਿਤਸਰ 76ਵੇਂ ਸਥਾਨ ’ਤੇ ਰਿਹਾ ਹੈ। ਉੱਤਰੀ ਭਾਰਤ ਦੇ ਇਕੋ-ਇਕ ਸ਼ਹਿਰ ਚੰਡੀਗੜ੍ਹ  ਨੇ ਰਾਸ਼ਟਰੀ ਸੂਚੀ ਵਿਚ 5ਵੇਂ ਸਥਾਨ ’ਤੇ ਰਹਿ ਕੇ ਟਾਪ 10 ਵਿਚ ਐਂਟਰੀ ਹਾਸਲ ਕੀਤੀ ਹੈ। 
ਜਿਸ  ਤਰ੍ਹਾਂ ਜਲੰਧਰ ਪਿਛਲੇ ਸਾਲਾਂ ਦੌਰਾਨ ਸਵੱਛਤਾ ਰੈਂਕਿੰਗ ਦੇ ਮਾਮਲੇ ਵਿਚ ਲਗਾਤਾਰ ਪੱਛੜ  ਰਿਹਾ ਹੈ ਤੇ ਹੁਣ ਰਹਿਣ ਲਾਇਕ ਸ਼ਹਿਰਾਂ ਦੀ ਸ਼੍ਰੇਣੀ ਵਿਚ ਵੀ ਜਲੰਧਰ ਲੁਧਿਆਣਾ ਤੇ  ਅੰਮ੍ਰਿਤਸਰ ਤੋਂ ਵੀ ਪੱਛੜ ਗਿਆ ਹੈ, ਉਸ ਨਾਲ ਜਲੰਧਰ ਦੇ ਸੱਤਾਧਾਰੀ ਕਾਂਗਰਸੀ ਆਗੂਆਂ ਦੀ  ਚਿੰਤਾ ਵਧੇਗੀ। ਸਾਲ 2019 ਦੀਆਂ ਲੋਕ ਸਭਾ ਚੋਣਾਂ ਸਿਰ ’ਤੇ ਹਨ ਤੇ ਇਸ ਸਮੇਂ ਜਲੰਧਰ  ਸ਼ਹਿਰ ਦੀ ਸੂਰਤ ਵਿਗੜੀ ਹੋਈ ਹੈ। ਮੇਨ ਸੜਕਾਂ ’ਤੇ ਕੂੜੇ ਦੇ ਢੇਰ ਲੱਗੇ ਹਨ ਅਤੇ ਸੜਕਾਂ  ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਹਨ। ਸੀਵਰੇਜ ਜਾਮ ਦੀ ਸਮੱਸਿਆ ਜ਼ਿਆਦਾ ਵਧ ਗਈ ਹੈ।  ਆਉਣ ਵਾਲੇ ਦਿਨਾਂ ਵਿਚ ਜੇਕਰ ਸ਼ਹਿਰ ਦਾ ਸੁਧਾਰ ਨਾ ਹੋਇਆ ਤਾਂ ਇਸਦਾ ਸਿਆਸੀ ਨੁਕਸਾਨ  ਕਾਂਗਰਸ ਨੂੰ ਝੱਲਣਾ ਪੈ ਸਕਦਾ ਹੈ। 
ਸਵੱਛਤਾ ਸਰਵੇਖਣ 2019 ਦੇ ਪੈਰਾਮੀਟਰ ਬਦਲੇ
ਕੇਂਦਰ  ਸਰਕਾਰ ਵਲੋਂ 2019 ਦਾ ਸਵੱਛਤਾ ਸਰਵੇਖਣ 4 ਤੋਂ 31 ਜਨਵਰੀ ਤੱਕ ਕਰਵਾਉਣ ਦਾ ਐਲਾਨ ਕੀਤਾ  ਗਿਆ ਹੈ। ਇਸ ਵਾਰ ਸਰਵੇਖਣ ਦੇ ਪੈਰਾਮੀਟਰ ਕੁਝ ਬਦਲੇ ਗਏ ਹਨ। ਸਰਵੇ 4 ਹਜ਼ਾਰ ਦੀ ਬਜਾਏ 5  ਹਜ਼ਾਰ ਅੰਕਾਂ ਦਾ ਹੋਵੇਗਾ ਤੇ ਮੁੱਖ ਤੌਰ ’ਤੇ ਨਾਗਰਿਕਾਂ ਦੀ ਭਾਗੀਦਾਰੀ ’ਤੇ ਕੇਂਦਰਿਤ  ਹੋਵੇਗਾ। ਸ਼ਹਿਰਾਂ ਨੂੰ ਗਾਰਬੇਜ ਫ੍ਰੀ ਸਿਟੀ ਐਲਾਨ ਕਰਨ ਦੇ ਮਾਮਲੇ ਵਿਚ ਥਰਡ ਪਾਰਟੀ  ਸਰਟੀਫਿਕੇਸ਼ਨ ਕਰਵਾਈ ਜਾਵੇਗੀ। ਉਨ੍ਹਾਂ ਸ਼ਹਿਰਾਂ ਨੂੰ ਵੱਖਰੇ ਤੌਰ ’ਤੇ ਨੰਬਰ ਦਿੱਤੇ  ਜਾਣਗੇ ਜਿਥੇ ਸਿਰ ’ਤੇ ਮੈਲਾ ਢੋਣ ਦੇ ਮਾਮਲੇ ਨਹੀਂ ਹੋਣਗੇ। ਸਰਵੇ ਲਈ ਡਾਟਾ ਸਰਵਿਸ ਲੈਵਲ  ਪ੍ਰੋਸੈੱਸ, ਡਾਇਰੈਕਟ ਆਬਜ਼ਰਵੇਸ਼ਨ, ਸਿਟੀਜ਼ਨ ਫੀਡਬੈਕ ਤੇ ਸਰਟੀਫਿਕੇਸ਼ਨ ਨੂੰ ਆਧਾਰ ਬਣਾਇਆ  ਜਾਵੇਗਾ। ਗਾਰਬੇਜ ਫ੍ਰੀ ਸ਼ਹਿਰਾਂ ਨੂੰ ਸਟਾਰ ਰੇਟਿੰਗ ਦਿੱਤੀ ਜਾਵੇਗੀ। ਓ. ਡੀ.  ਐੈੱਫ. ਪ੍ਰੋਟੋਕਾਲ ਦੇ ਨਿਯਮ ਵੀ ਬਦਲੇ ਜਾ ਰਹੇ ਹਨ। 2019 ਦੇ ਸਰਵੇਖਣ ਵਿਚ ਸਵੱਛਤਾ ਮੰਚ  ਦੀ ਸਥਾਪਨਾ ਤੇ ਮਹੱਤਵ ਨੂੰ ਵੀ ਆਧਾਰ ਬਣਾਇਆ ਜਾਵੇਗਾ। ਮੰਤਰਾਲਾ ਵਲੋਂ ਸਰਵੇ ਦੇ  ਪੈਰਾਮੀਟਰ ਦੱਸਣ ਲਈ ਅਗਲੇ 4 ਮਹੀਨਿਆਂ ਦੌਰਾਨ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ ਕੀਤਾ  ਜਾਵੇਗਾ।