ਚੰਡੀਗੜ੍ਹ : ਸਿਨੇਮਾ ਘਰਾਂ 'ਚੋਂ ਖਾਣਾ ਖਾਓਗੇ ਤਾਂ ਲੁੱਟੇ ਜਾਓਗੋ (ਵੀਡੀਓ)

07/23/2018 5:06:03 PM

ਚੰਡੀਗੜ੍ਹ : ਸ਼ਹਿਰ ਦੇ ਮਲਟੀਪਲੈਕਸਾਂ ਤੇ ਮਾਲਾਂ 'ਚ ਜੇਕਰ ਤੁਸੀਂ ਕੁਝ ਖਾਣ-ਪੀਣ ਬਾਰੇ ਸੋਚ ਰਹੇ ਹੋ ਤਾਂ ਸਮਝੋ ਕਿ ਲੁੱਟੇ ਜਾਵੋਗੇ। ਜੀ ਹਾਂ, ਇਨ੍ਹਾਂ ਥਾਵਾਂ 'ਤੇ ਐੱਮ. ਆਰ. ਪੀ. ਤੋਂ ਜ਼ਿਆਦਾ ਕੀਮਤ 'ਤੇ ਸਮਾਨ ਵਿਕਦਾ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਮਲਟੀਪਲੈਕਸ ਜਾਂ ਮਾਲ 'ਚ ਬਾਹਰੋਂ ਕੋਈ ਵੀ ਖਾਣ ਵਾਲੀ ਚੀਜ਼ ਅੰਦਰ ਨਹੀਂ ਲਿਜਾਣ ਦਿੱਤੀ ਜਾਂਦੀ ਅਤੇ 10 ਰੁਪਏ 'ਚ ਬਾਹਰ ਵਿਕਣ ਵਾਲੇ ਪੌਪਕਾਰਨ ਵੀ ਲੋਕਾਂ ਨੂੰ 300-350 ਤੱਕ ਖਰੀਦਣੇ ਪੈ ਰਹੇ ਹਨ। ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਇਹ ਸਿੱਧਾ ਹੀ ਲੋਕਾਂ ਦੀ ਜੇਬ 'ਤੇ ਡਾਕਾ ਪਾਉਣ ਵਾਲੀ ਗੱਲ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਆਪਣਾ ਖਾਣਾ ਜਾਂ ਪਾਣੀ ਮਾਲ 'ਚ ਲਿਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਕਿਸ ਆਧਾਰ 'ਤੇ ਰੋਕਿਆ ਜਾ ਰਿਹਾ ਹੈ ਅਤੇ ਇਹ ਕਿਹੜੇ ਕਾਨੂੰਨ ਦੇ ਆਧਾਰ 'ਤੇ ਹੋ ਰਿਹਾ ਹੈ। 
ਇਸ ਬਾਰੇ ਗੱਲ ਕਰਦਿਆਂ ਵਕੀਲ ਅਜੈ ਜੱਗਾ ਨੇ ਕਿਹਾ ਕਿ ਜਦੋਂ ਸਿਨੇਮਾ ਘਰਾਂ ਨੂੰ ਲਾਈਸੈਂਸ ਦਿੱਤਾ ਜਾਂਦਾ ਹੈ ਤਾਂ ਉਸ 'ਚ ਸਾਫ ਲਿਖਿਆ ਹੁੰਦਾ ਹੈ ਕਿ ਹਰ ਸਿਨੇਮਾ ਘਰ 'ਚ ਗਾਹਕਾਂ ਨੂੰ ਮੁਫਤ ਪਾਣੀ ਦੇਣਾ ਸਿਨੇਮਾ ਘਰ ਦਾ ਫਰਜ਼ ਹੈ ਪਰ ਮੁਫਤ ਪਾਣੀ ਛੱਡ ਕੇ ਉਲਟਾ ਪਾਣੀ ਦੀ ਬੋਤਲ ਹੀ ਇੰਨੀ ਮਹਿੰਗੀ ਦਿੱਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮਾਲਾਂ ਤੇ ਮਲਟੀਪਲੈਕਸਾਂ 'ਚ ਹੋ ਰਹੀ ਇਸ ਲੁੱਟ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।