ਬਾਦਲ ਪਰਿਵਾਰ ਵਲੋਂ ਕੀਤੇ ਗੁਨਾਹਾਂ ਨੂੰ ਇਤਿਹਾਸ ''ਚ ਕਾਲੇ ਅੱਖਰਾਂ ''ਚ ਦਰਜ ਕੀਤਾ ਜਾਵੇਗਾ : ਬ੍ਰਹਮਪੁਰਾ

12/10/2018 9:30:58 AM

ਭਰੋਵਾਲ/ਚੋਹਲਾ ਸਾਹਿਬ (ਰਾਕੇਸ਼ ਨਈਅਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਖਡੂਰ ਸਾਹਿਬ ਦੇ ਪਿੰਡ ਭਰੋਵਾਲ ਵਿਖੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਤ ਕੀਤਾ। ਜ਼ਿਕਰਯੋਗ ਹੈ ਕਿ ਜਿੱਥੇ ਬ੍ਰਹਮਪੁਰਾ ਸਣੇ ਟਕਸਾਲੀ ਅਕਾਲੀ ਆਗੂਆਂ ਵਲੋਂ ਲਗਾਤਾਰ ਸੂਬਾ ਪੱਧਰ 'ਤੇ ਮੀਟਿੰਗਾਂ ਦਾ ਸਿਲਸਲਾ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਲੋਕਾਂ ਵਲੋਂ ਵੀ ਇਨ੍ਹਾਂ ਟਕਸਾਲੀ ਆਗੂਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮਜੀਠੀਆ ਤੇ ਬਾਦਲ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 'ਖਿਮਾ ਜਾਚਨਾ' ਬਹਾਨੇ ਲੋਕਾਂ ਨੂੰ ਸਿਰਫ਼ ਗੁੰਮਰਾਹ ਕਰ ਰਹੇ ਹਨ ਪਰ ਇਨ੍ਹਾਂ ਵਲੋਂ ਕੀਤੀਆਂ ਗਲਤੀਆਂ ਕਾਰਨ ਹੁਣ ਸਭ ਕੁੱਝ ਸਾਫ਼ ਹੋ ਚੁੱਕਾ ਹੈ ਅਤੇ ਲੋਕ ਇਨ੍ਹਾਂ ਦੇ ਬਹਿਕਾਵੇ 'ਚ ਨਹੀਂ ਆਉਣਗੇ। ਮਜੀਠੀਆ ਤੇ ਬਾਦਲ ਪਰਿਵਾਰ ਦਾ ਨਾਂ ਇਤਿਹਾਸ ਦੇ ਪੰਨਿਆਂ 'ਚ ਕਾਲੇ ਅੱਖਰਾਂ 'ਚ ਦਰਜ ਕੀਤਾ ਜਾਵੇਗਾ।

ਉਨ੍ਹਾਂ ਕਿਹਾ  ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਇਸ ਪਰਿਵਾਰ ਦਾ ਕਬਜ਼ਾ ਹੈ, ਜੋ ਇਸ ਸਿੱਖ ਸੰਸਥਾ ਨੂੰ ਆਪਣੇ ਢੰਗ ਨਾਲ ਹੀ ਚਲਾਉਂਦਾ ਹੈ, ਜਿਸ ਨਾਲ ਸਿੱਖ ਪੰਥ ਦੀ ਮਰਿਆਦਾ ਦਾ ਉਲੰਘਣ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਇਸ ਪਰਿਵਾਰ ਦੇ ਕਬਜ਼ੇ 'ਚੋਂ ਸ਼੍ਰੋਮਣੀ ਕਮੇਟੀ ਨੂੰ ਜਲਦ ਮੁਕਤ ਕਰਾਇਆ ਜਾਵੇਗਾ, ਜਿਸ ਨਾਲ ਇਹ ਸੰਸਥਾ ਆਪਣੇ ਪੁਰਾਣੇ 1925 ਵਾਲੇ ਸਿਧਾਤਾਂ ਮੁਤਾਬਕ ਕਿਸੇ ਦੀ ਵੀ ਦਖਲ ਅੰਦਾਜ਼ੀ ਤੋਂ ਬਗੈਰ ਸੁਚਾਰੂ ਢੰਗ ਨਾਲ ਕੰਮ ਕਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਜਾਵੇਗਾ ਅਤੇ ਇਹ ਅਕਾਲੀ ਦਲ ਸੂਬੇ ਦੇ ਹਰ ਵਰਗ ਦੇ ਲੋਕਾਂ ਲਈ ਕੰਮ ਕਰੇਗਾ, ਜਿਸ ਨਾਲ ਪੰਜਾਬ 'ਚ ਖੁਸ਼ਹਾਲੀ ਆ ਸਕੇ। ਉਨ੍ਹਾਂ ਲੋਕਾਂ ਨੂੰ 16 ਦਸੰਬਰ ਨੂੰ ਨਵੇਂ ਅਕਾਲੀ ਦਲ ਦਾ ਗਠਨ ਕਰਨ ਵਾਲੇ ਦਿਨ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ।

ਇਸ ਇਕੱਠ ਨੂੰ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਜੀਠੀਆ ਤੇ ਬਾਦਲ ਪਰਿਵਾਰ ਵਲੋਂ ਸ਼੍ਰੋਮਣੀ ਕਮੇਟੀ  'ਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੀ ਡਰਾਇਆ, ਧਮਕਾਇਆ ਜਾ ਰਿਹਾ ਹੈ ਪਰ ਲੋਕ ਸਿਰਫ ਹੱਕ-ਸੱਚ 'ਤੇ ਹੀ ਪਹਿਰਾ ਦੇਣਗੇ। ਇਨ੍ਹਾਂ ਵੱਲੋਂ ਜੋ ਗੁਨਾਹ ਕੀਤੇ ਗਏ ਉਹ ਮੁਆਫੀਯੋਗ ਨਹੀਂ ਹਨ ਜਿਸਦੀ ਸਜ਼ਾ ਇਨ੍ਹਾਂ  ਨੂੰ ਜ਼ਰੂਰ ਮਿਲੇਗੀ, ਜਿਨ੍ਹਾਂ ਆਪਣੇ ਨਿੱਜੀ ਸਵਾਰਥਾਂ ਲਈ ਸਿੱਖ ਪੰਥ ਅਤੇ ਕੌਮ ਨਾਲ ਗੱਦਾਰੀ  ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਵੇਈਂਪੂਈ, ਅਜਮੇਰ ਸਿੰਘ, ਸਰਪੰਚ ਜਬਰ ਸਿੰਘ, ਬਲਦੇਵ ਸਿੰਘ ਕੱਲਾ, ਕੈਪਟਨ ਦਲਬੀਰ ਸਿੰਘ, ਭੁਪਿੰਦਰ ਸਿੰਘ ਖੱਖ, ਸਰਪੰਚ ਅਮਰਜੀਤ ਸਿੰਘ ਖੇਲਾ, ਸਰਪੰਚ ਮਨਜਿੰਦਰ ਸਿੰਘ ਭੋਈਆਂ, ਸਰਪੰਚ ਰਾਜਬੀਰ ਸਿੰਘ ਵੇਈਂ ਪੂਈ, ਓ. ਐੱਸ. ਡੀ. ਦਮਨਜੀਤ ਸਿੰਘ, ਸਰਪੰਚ ਭੁਪਿੰਦਰ ਸਿੰਘ ਫਤਿਹਾਬਾਦ, ਸੰਮਤੀ ਮੈਂਬਰ ਤੇਜਿੰਦਰ ਸਿੰਘ ਪ੍ਰਿੰਸ ਭਰੋਵਾਲ, ਜਤਿੰਦਰ ਸਿੰਘ, ਹਰਜਿੰਦਰ ਸਿੰਘ ਢੋਟੀਆਂ ਚੰਦ ਭੈਹਿਲ, ਅਵਤਾਰ ਸਿੰਘ ਬੱਬੂ, ਬਲਜਿੰਦਰ ਸਿੰਘ ਪੱਪੂ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

Baljeet Kaur

This news is Content Editor Baljeet Kaur