ਚਾਈਨੀਜ਼ ਡੋਰ ਨਾਲ ਪਤੰਗ ਉਡਾਉਂਦੇ ਫੜੇ ਗਏ ਤਾਂ ਹੋਵੇਗੀ ਐੈੱਫ. ਆਈ. ਆਰ.

01/12/2019 12:30:06 PM

ਪਟਿਆਲਾ/ਬਾਰਨ (ਇੰਦਰ)—ਆਮ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਚਾਈਨੀਜ਼ ਡੋਰ ਦੀ ਵਿਕਰੀ ਅਤੇ ਸਟੋਰ ਕਰ ਕੇ ਰੱਖਣ 'ਤੇ ਤਾਂ ਪਹਿਲਾਂ ਹੀ ਪਾਬੰਦੀ ਲਾਈ ਜਾ ਚੁੱਕੀ ਹੈ। ਪਤੰਗਬਾਜ਼ੀ ਦੇ ਸ਼ੌਕੀਨ ਲੋਕ ਸਾਵਧਾਨ ਹੋ ਜਾਣ। ਜੇਕਰ ਲੋਹੜੀ ਜਾਂ ਬਸੰਤ 'ਤੇ ਉਹ ਚਾਈਨੀਜ਼ ਡੋਰ ਨਾਲ ਪਤੰਗ ਉਡਾਉਂਦੇ ਫੜੇ ਗਏ ਤਾਂ ਉਨ੍ਹਾਂ 'ਤੇ ਤੁਰੰਤ ਐੈੱਫ. ਆਈ. ਆਰ. ਦਰਜ ਹੋ ਸਕਦੀ ਹੈ। 

ਚਾਈਨੀਜ਼ ਡੋਰ ਨਾਲ ਜਿੱਥੇ ਲੋਕਾਂ ਤੇ ਪੰਛੀਆਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ, ਉਥੇ ਕਈ ਲੋਕ ਤੇ ਪੰਛੀ ਚਾਈਨੀਜ਼ ਡੋਰ ਵਿਚ ਫਸਣ ਕਾਰਨ ਗੰਭੀਰ ਜ਼ਖਮੀ ਹੋ ਚੁੱਕੇ ਹਨ। ਸਰੀਰ ਪੱਖੋਂ ਨਕਾਰਾ ਵੀ ਹੋ ਚੁੱਕੇ ਹਨ। ਹੁਣ ਇਸ ਡੋਰ ਦਾ ਪ੍ਰਯੋਗ ਕਰਨ ਵਾਲਿਆਂ 'ਤੇ ਵੀ ਸਖ਼ਤੀ ਵਰਤੀ ਜਾ ਰਹੀ ਹੈ ਤਾਂ ਕਿ ਇਹ ਖੂਨੀ ਡੋਰ ਆਪਣਾ ਕਹਿਰ ਨਾ ਮਚਾ ਸਕੇ। ਇਸ ਲਈ ਧਾਰਾ 144 ਦਾ ਇਸਤੇਮਾਲ ਕਰ ਕੇ ਚਾਈਨੀਜ਼ ਡੋਰ 'ਤੇ ਪਾਬੰਦੀ ਲਾਈ ਗਈ ਹੈ। 

ਸੂਤਰਾਂ ਅਨੁਸਾਰ ਲੋਹੜੀ ਦੇ ਦਿਨ ਸ਼ਹਿਰ ਦੇ ਹਰੇਕ ਇਲਾਕੇ ਵਿਚ ਪੁਲਸ ਮੁਲਾਜ਼ਮ ਸਿਵਲ ਵਰਦੀ ਵਿਚ ਘੁੰਮਣਗੇ। ਪੁਲਸ ਦਾ ਕੰਮ ਚਾਈਨੀਜ਼ ਡੋਰ ਵੇਚਣ ਅਤੇ ਪਤੰਗ ਉਡਾਉਣ ਲਈ ਇਸਤੇਮਾਲ ਕਰਨ ਵਾਲਿਆਂ ਨੂੰ ਫੜਣਾ ਹੋਵੇਗਾ। ਥਾਣਾ ਅਨਾਜ ਮੰਡੀ ਦੇ ਇੰਚਾਰਜ ਹੈਰੀ ਬੋਪਾਰਾਏ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਧਾਰਾ 144 ਦਾ ਪ੍ਰਯੋਗ ਕਰ ਕੇ ਚਾਈਨੀਜ਼ ਡੋਰ 'ਤੇ ਪਾਬੰਦੀ ਲੱਗੀ ਹੋਈ ਹੈ। ਜੇਕਰ ਕੋਈ ਵਿਅਕਤੀ ਇਹ ਡੋਰ ਵੇਚਦਾ ਜਾਂ ਇਸ ਦਾ ਇਸਤੇਮਾਲ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਖਿਲਾਫ਼ ਐੈੱਫ. ਆਈ. ਆਰ. ਦਰਜ ਕੀਤੀ ਜਾਵੇਗੀ।

Shyna

This news is Content Editor Shyna