ਚਾਈਨਾ ਡੋਰ ਦੀ ਵਿੱਕਰੀ ਨੂੰ ਨਹੀਂ ਰੋਕ ਸਕੀ ਮਹਾਨਗਰ ਦੀ ਪੁਲਸ!

01/14/2018 4:50:45 AM

ਲੁਧਿਆਣਾ(ਵਰਮਾ)-ਕਾਤਲ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਰੋਜ਼ਾਨਾ ਜ਼ਖ਼ਮੀ ਹੋ ਰਹੇ ਕਈ ਲੋਕਾਂ ਦੇ ਕੇਸ ਵਿਚ ਸਖਤ ਨੋਟਿਸ ਲੈਂਦੇ ਹੋਏ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਇਸ ਦੀ ਵਿੱਕਰੀ ਅਤੇ ਵਰਤੋਂ 'ਤੇ ਪਾਬੰਦੀ ਲਾਉਂਦੇ ਹੋਏ ਪੁਲਸ ਨੂੰ ਇਸ ਦੀ ਵਰਤੋਂ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਦੇ ਹੁਕਮ ਦਿੱਤੇ ਸਨ। ਲੋਹੜੀ ਤੋਂ ਪਹਿਲਾਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਸੀ। ਸੂਤਰਾਂ ਦੇ ਮੁਤਾਬਕ ਪੁਲਸ ਦੀ ਸਖਤੀ ਦੇ ਬਾਵਜੂਦ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਚਾਈਨਾ ਡੋਰ ਖੂਬ ਵਿਕੀ। ਪਹਿਲਾਂ ਚਾਈਨਾ ਡੋਰ ਦਾ ਜਿਹੜਾ ਗੱਟੂ 200 ਤੋਂ 300 ਰੁਪਏ ਵਿਚ ਵਿਕ ਰਿਹਾ ਸੀ, ਉਹੀ ਪੁਲਸ ਦੀ ਸਖਤੀ ਕਾਰਨ 500 ਤੋਂ 800 ਰੁਪਏ ਵਿਚ ਵਿਕਿਆ। ਸਮਾਜਸੇਵੀ ਤਰੁਣ ਗੁਪਤਾ ਨੇ ਦੱਸਿਆ ਕਿ ਮਹਾਨਗਰ ਵਿਚ ਕਈ ਲੋਕ ਅਜਿਹੇ ਹਨ ਜੋ ਅਮੀਰ ਬਣਨ ਦੇ ਚੱਕਰ ਵਿਚ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਦੇ ਹੁਕਮਾਂ ਤੋਂ ਬਾਅਦ ਹਾਲਾਂਕਿ ਪੁਲਸ ਨੇ ਲੋਕਾਂ ਨੂੰ ਚਾਈਨਾ ਡੋਰ ਨਾ ਖਰੀਦਣ ਸਬੰਧੀ ਜਾਗਰੂਕ ਵੀ ਕੀਤਾ ਸੀ ਪਰ ਮਹਾਨਗਰ ਦੇ ਲੋਕਾਂ 'ਤੇ ਇਸ ਦਾ ਅਸਰ ਘੱਟ ਹੀ ਦਿਖਿਆ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੁਲਸ ਕਾਤਲ ਚਾਈਨਾ ਡੋਰ ਦੀ ਵਿੱਕਰੀ 'ਤੇ ਪੂਰਨ ਪਾਬੰਦੀ ਨਹੀਂ ਲਾ ਸਕੀ। ਤਰੁਣ ਗੁਪਤਾ ਨੇ ਦੱਸਿਆ ਕਿ ਭਾਰਤ ਸਰਕਾਰ ਨੂੰ ਕਾਤਲ ਚਾਈਨਾ ਡੋਰ 'ਤੇ ਭਾਰਤ ਵਿਚ ਪੂਰੀ ਤਰ੍ਹਾਂ ਪਾਬੰਦੀ ਲਾਉਣੀ ਚਾਹੀਦੀ ਹੈ ਤਾਂਕਿ ਇਸ ਦੀ ਲਪੇਟ ਵਿਚ ਆ ਕੇ ਲੋਕਾਂ ਅਤੇ ਪੰਛੀਆਂ ਨੂੰ ਨੁਕਸਾਨ ਨਾ ਪੁੱਜੇ।