ਸ਼ੱਕੀ ਹਾਲਾਤ ''ਚ ਘਰ ਦੇ ਬਾਹਰੋਂ 2 ਬੱਚੇ ਹੋਏ ਲਾਪਤਾ

05/24/2017 7:13:45 PM

ਜਲਾਲਾਬਾਦ (ਗੁਲਸ਼ਨ) : ਸ਼ਹਿਰ ਦੀ ਧੁੰਨੀ ''ਚ ਪੈਂਦੇ ਮੁਕਤਸਰ ਸਰਕੂਲਰ ਰੋਡ ''ਤੇ ਬਾਹਮਣੀ ਚੁੰਗੀ ਦੇ ਨੇੜਿਓਂ ਬੀਤੀ ਸ਼ਾਮ ਲਗਭਗ 7 ਵਜੇ ਘਰੋਂ ਖੇਡਣ ਲਈ ਨਿਕਲ ਦੋ ਬੱਚੇ ਸ਼ੰਕਰ (8) ਅਤੇ ਅਰਜੁਨ (11) ਸ਼ੱਕੀ ਹਾਲਾਤ ''ਚ ਅਚਾਨਕ ਗਾਇਬ ਹੋ ਗਏ ਜਿਨ੍ਹਾਂ ਦਾ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਬੀਤੇ ਦਿਨ ਪਿੰਡ ਮਹਾਲਮ ਤੋਂ ਪ੍ਰਵਾਸੀ ਮਜ਼ਦੂਰ ਨੂੰ ਪਿੰਡ ਵਾਸੀਆਂ ਵੱਲੋਂ ਬੱਚਾ ਚੋਰੀ ਦੇ ਸ਼ੱਕ ''ਚ ਫੜੇ ਜਾਣ ਤੋਂ ਬਾਅਦ ਬੀਤੇ ਕੱਲ 2 ਬੱਚਿਆਂ ਦੇ ਅਚਾਨਕ ਘਰ ਦੇ ਬਾਹਰੋਂ ਲਾਪਤਾ ਹੋ ਜਾਣ ਦੀ ਘਟਨਾ ਨੂੰ ਲੈ ਕੇ ਸ਼ਹਿਰ ''ਚ ਦਹਿਸ਼ਤ ਦਾ ਮਾਹੌਲ ਹੈ ਕਿਉਕਿ ਬਾਹਮਣੀ ਵਾਲਾ ਚੂੰਗੀ ਦੇ ਨਜ਼ਦੀਕ ਜਿਸ ਬਾਜ਼ਾਰ ਤੋਂ ਬੱਚੇ ਗਾਇਬ ਹੋਏ ਹਨ ਉਹ ਸ਼ਹਿਰ ਦਾ ਸਭ ਤੋਂ ਜ਼ਿਆਦਾ ਭੀੜ ਭੜੱਕੇ ਵਾਲਾ ਇਲਾਕਾ ਹੈ ਅਤੇ ਦਿਨ-ਦਿਹਾੜੇ ਵਾਪਰੀ ਇਹ ਘਟਨਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ।  
ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ''ਚ ਤਾਇਨਾਤ ਸਫਾਈ ਮੁਲਾਜ਼ਮ ਅਸ਼ੋਕ ਕੁਮਾਰ ਪੁੱਤਰ ਵਿਜੇ ਕੁਮਾਰ ਨੇ ਦੱਸਿਆ ਕਿ ਉਸਦਾ 8 ਸਾਲ ਦਾ ਬੱਚਾ ਸ਼ੰਕਰ ਅਕਸਰ ਘਰੋਂ ਨੇੜੇ ਸਥਿਤ ਸ਼ਹੀਦ ਊਧਮ ਸਿੰਘ ਪਾਰਕ ''ਚ ਖੇਡਣ ਲਈ ਚਲਾ ਜਾਂਦਾ ਸੀ ਪਰ ਬੀਤੇ ਕੱਲ ਜਦੋਂ 7 ਵਜੇ ਤੱਕ ਵੀ ਉਸਦਾ ਬੱਚਾ ਘਰ ਵਾਪਸ ਨਹੀਂ ਪਰਤਿਆ ਤਾਂ ਉਨ੍ਹਾਂ ਨੇ ਉਸਦੀ ਭਾਲ ਸ਼ੁਰੂ ਕੀਤੀ। ਉੱਧਰ ਸ਼ੰਕਰ ਦੇ ਨਾਲ ਹੀ ਗਾਇਬ ਦੂਜੇ ਬੱਚੇ ਅਰਜੁਨ ਦੇ ਪਿਤਾ ਸੋਨੂੰ ਜੋ ਕਿ ਸਬਜੀ ਮੰਡੀ ''ਚ ਕੰਮ ਕਰਦੇ ਹਨ ਨੇ ਦੱਸਿਆ ਕਿ ਉਸਦਾ ਬੱਚਾ ਅਰਜੁਨ ਅਤੇ ਸ਼ੰਕਰ ਆਪਸ ''ਚ ਦੋਸਤ ਹਨ। ਰੋਜ਼ਾਨਾ ਵਾਂਗ ਦੋਵੇਂ ਬੱਚੇ ਘਰੋਂ ਬਾਹਰ ਖੇਡਣ ਲਈ ਨਿਕਲੇ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਘਰ ਨਹੀਂ ਆਏ ਤਾਂ ਰਾਤ 2 ਵਜੇ ਤੱਕ ਬੱਚਿਆਂ ਦੀ ਭਾਲ ''ਚ ਉਨ੍ਹਾਂ ਨੇ ਪੂਰਾ ਸ਼ਹਿਰ ਇਕ ਕਰ ਦਿੱਤਾ ਪਰ ਬੱਚਿਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ।
ਦੂਜੇ ਪਾਸੇ ਦੋਵਾਂ ਬੱਚਿਆਂ ਦੀ ਗੁੰਮਸ਼ੁਦਗੀ ਤੋਂ ਬਾਅਦ ਪਰਿਵਾਰਾਂ ''ਚ ਮਾਤਮ ਦਾ ਮਾਹੋਲ ਛਾਇਆ ਹੈ ਅਤੇ ਪਰਿਵਾਰ ਦੀਆਂ ਔਰਤਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਤੋਂ ਬਾਅਦ ਬੁੱਧਵਾਰ ਸ਼ਾਮ ਬੱਚਿਆਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਥਾਣਾ ਸਿਟੀ ਮੁਖੀ ਲੇਖ ਰਾਜ ਨਾਲ ਮੁਲਾਕਾਤ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਗਾਇਬ ਹੋਏ ਬੱਚਿਆਂ ਦੀ ਭਾਲ ''ਚ ਤੇਜ਼ੀ ਲਿਆਂਦੀ ਜਾ ਰਹੀ ਹੈ।

Gurminder Singh

This news is Content Editor Gurminder Singh