ਨਰਿੰਦਰ ਮੋਦੀ ਦੇ ਭਾਸ਼ਣ ਦੌਰਾਨ ਸੌਦੇ ਨਜ਼ਰ ਆਏ ਵਿਦਿਆਰਥੀ

02/17/2018 7:40:50 AM

ਚੰਡੀਗੜ੍ਹ  (ਰੋਹਿਲਾ) - ਸ਼ੁੱਕਰਵਾਰ ਨੂੰ ਸ਼ਹਿਰ ਦੇ ਸਾਰੀਆਂ ਵਿਦਿਅਕ ਸੰਸਥਾਵਾਂ 'ਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀ ਗੂੰਜ ਸੁਣਾਈ ਦੇ ਰਹੀ ਸੀ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਦਿਨਾਂ 'ਚ ਹੋਣ ਵਾਲੇ ਤਣਾਅ ਨੂੰ ਦੂਰ ਕਰਨ ਦੇ ਵਿਸ਼ੇ 'ਤੇ ਗੱਲ ਕੀਤੀ। ਇਸ ਦੌਰਾਨ ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦਿਨਾਂ 'ਚ ਟਾਈਮ ਮੈਨੇਜ ਕਿਵੇਂ ਹੋਵੇ, ਪ੍ਰੀਖਿਆ ਨੂੰ ਕਿਵੇਂ ਲਈਏ, ਆਤਮ-ਵਿਸ਼ਵਾਸ ਨੂੰ ਕਿਵੇਂ ਕਾਇਮ ਰੱਖਣਾ ਹੈ ਆਦਿ ਮੁੱਦਿਆਂ 'ਤੇ ਗੱਲ ਕੀਤੀ।   ਜਿਥੇ ਇਕ ਪਾਸੇ ਮੋਦੀ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਕਾਰਨ ਹੋਏ ਤਣਾਅ ਨੂੰ ਦੂਰ ਕਰਨ ਲਈ ਭਾਸ਼ਣ ਦੇ ਰਹੇ ਸਨ, ਉਥੇ ਹੀ ਕਲਾਸ 'ਚ ਕੁਝ ਵਿਦਿਆਰਥੀ ਸੁੱਤੇ ਪਏ ਨਜ਼ਰ ਆਏ, ਉਹ ਸੌਂ ਕੇ ਆਪਣੇ ਤਣਾਅ ਨੂੰ ਦੂਰ ਕਰਨ 'ਚ ਲੱਗੇ ਸਨ। ਸਿਰਫ ਵਿਦਿਆਰਥੀ ਹੀ ਨਹੀਂ, ਭਾਸ਼ਣ ਦੌਰਾਨ ਅਧਿਆਪਕ ਵੀ ਸੁੱਤੇ ਪਏ ਨਜ਼ਰ ਆ ਰਹੇ ਸਨ।
ਭਾਸ਼ਣ 'ਚ ਦੇਰੀ ਕਾਰਨ ਭੁੱਖੇ ਰਹੇ ਵਿਦਿਆਰਥੀ
ਮੋਦੀ ਦੇ ਭਾਸ਼ਣ ਦਾ ਸਮਾਂ ਪਹਿਲਾਂ ਸਵੇਰੇ 11 ਵਜੇ ਦਾ ਤੈਅ ਕੀਤਾ ਗਿਆ ਸੀ, ਜਿਸ ਕਾਰਨ ਵਿਦਿਆਰਥੀਆਂ ਨੂੰ ਲੰਚ ਟਾਈਮ ਤੋਂ ਪਹਿਲਾਂ 10.45 ਵਜੇ ਹੀ ਸਕਰੀਨਾਂ ਸਾਹਮਣੇ ਬਿਠਾ ਦਿੱਤਾ ਗਿਆ ਸੀ ਪਰ ਭਾਸ਼ਣ 11 ਵਜੇ ਨਾ ਸ਼ੁਰੂ ਹੋ ਕੇ ਦੁਪਹਿਰ 12.30 ਵਜੇ ਸ਼ੁਰੂ ਹੋਇਆ, ਜੋ ਦੁਪਹਿਰ 2 ਵਜੇ ਤਕ ਜਾਰੀ ਰਿਹਾ, ਜਿਸ ਕਾਰਨ ਵਿਦਿਆਰਥੀ ਲੰਚ ਵੀ ਨਹੀਂ ਕਰ ਸਕੇ ਤੇ ਭੁੱਖੇ ਹੀ ਇਹ ਭਾਸ਼ਣ ਸੁਣਦੇ ਰਹੇ।
ਨਹੀਂ ਸਮਝ ਆਇਆ ਭਾਸ਼ਣ
ਇਕ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਸ਼ਣ ਸਮਝ ਨਹੀਂ ਆਇਆ ਕਿਉਂਕਿ ਵਿਦਿਆਰਥੀਆਂ ਵਲੋਂ ਇਸ ਦੌਰਾਨ ਜੋ ਸਵਾਲ ਪੁੱਛੇ ਜਾ ਰਹੇ ਸਨ, ਉਹ ਅੰਗਰੇਜ਼ੀ 'ਚ ਪੁੱਛੇ ਜਾ ਰਹੇ ਸਨ। ਹਾਲਾਂਕਿ ਮੋਦੀ ਵਲੋਂ ਉਨ੍ਹਾਂ ਦਾ ਜਵਾਬ ਹਿੰਦੀ 'ਚ ਦਿੱਤਾ ਜਾ ਰਿਹਾ ਸੀ ਪਰ ਪਤਾ ਨਹੀਂ ਲੱਗ ਰਿਹਾ ਸੀ ਕਿ ਮੋਦੀ ਜੀ ਕਿਸ ਸਵਾਲ ਦਾ ਜਵਾਬ ਦੇ ਰਹੇ ਹਨ।
ਨਹੀਂ ਪਿਆ ਕੁਝ ਪੱਲੇ
ਵਿਦਿਆਰਥੀ ਅਜੀਤ ਦਾ ਕਹਿਣਾ ਹੈ ਕਿ ਭਾਸ਼ਣ ਦੌਰਾਨ ਕਲਾਸ 'ਚ ਇੰਨਾ ਰੌਲਾ ਪੈ ਰਿਹਾ ਸੀ ਕਿ ਕੁਝ ਸਮਝ ਨਹੀਂ ਆਇਆ ਕਿ ਮੋਦੀ ਜੀ ਨੇ ਕੀ ਕਿਹਾ, ਜਿਸ ਕਾਰਨ ਕੁਝ ਵੀ ਪੱਲੇ ਨਹੀਂ ਪਿਆ।ਹਾਲਾਂਕਿ ਇਹ ਪਤਾ ਹੈ ਕਿ ਪ੍ਰੀਖਿਆ ਦੇ ਦਿਨਾਂ 'ਚ ਹੋਣ ਵਾਲੀ ਸਟਰੈੱਸ ਨੂੰ ਦੂਰ ਕਰਨ ਬਾਰੇ ਇਹ ਭਾਸ਼ਣ ਦਿੱਤਾ ਗਿਆ ਹੈ।
ਕੁਝ ਨਵਾਂ ਨਹੀਂ ਸੀ ਭਾਸ਼ਣ 'ਚ
ਵਿਦਿਆਰਥੀ ਨਵੀਨ ਨੇ ਦੱਸਿਆ ਕਿ ਭਾਸ਼ਣ 'ਚ ਕੁਝ ਨਵਾਂ ਨਹੀਂ ਸੀ, ਜੋ ਕਲਾਸਾਂ 'ਚ ਅਧਿਆਪਕ ਬੱਚਿਆਂ ਨੂੰ ਸਮਝਾਉਂਦੇ ਹਨ, ਉਹੋ ਮੋਦੀ ਜੀ ਨੇ ਆਪਣੇ ਭਾਸ਼ਣ 'ਚ ਦੱਸਿਆ ਹੈ। ਇਹ ਸਭ ਪਹਿਲਾਂ ਤੋਂ ਹੀ ਜਾਣਦੇ ਸਨ।