ਸਰਕਾਰ ਦੇ ਨੱਕ ਹੇਠ ਸ਼ਰ੍ਹੇਆਮ ਉੱਡਾਈਆਂ ਜਾ ਰਹੀਆਂ ਬਾਲ ਮਜ਼ਦੂਰੀ ਐਕਟ ਦੀਆਂ ਧੱਜੀਆਂ

11/11/2017 3:29:45 PM

ਟਾਂਡਾ (ਜਸਵਿੰਦਰ)— ਬਾਲ ਮਜ਼ਦੂਰੀ ਰੋਕਣ ਸਬੰਧੀ ਭਾਵੇਂ ਸਰਕਾਰ ਵੱਲੋਂ ਕਈ ਵਾਰ ਸਖਤ ਕਦਮ ਚੁੱਕੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਬਾਲ ਮਜ਼ਦੂਰੀ ਰੋਕਣ ਵਿਚ ਕਾਮਯਾਬ ਨਹੀਂ ਹੋਈ। ਇਸ ਸਬੰਧੀ ਅੱਜ ਵੀ ਦੇਖੀਏ ਤਾਂ ਆਮ ਤੌਰ 'ਤੇ ਸੜਕਾਂ ਕਿਨਾਰੇ ਖੁੱਲ੍ਹੇ ਢਾਬਿਆਂ, ਭੱਠਿਆਂ ਤੇ ਸਬਜ਼ੀ ਮੰਡੀ ਆਦਿ 'ਚ ਬਾਲ ਮਜ਼ਦੂਰੀ ਕਰਦੇ ਬੱਚੇ ਅਕਸਰ ਦੇਖਣ ਨੂੰ ਮਿਲ ਜਾਂਦੇ ਹਨ। 
ਇਸ ਸਬੰਧੀ 'ਜਗ ਬਾਣੀ' ਦੇ ਪ੍ਰਤੀਨਿਧ ਨੇ ਜਦੋਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਅਜੇ ਵੀ ਛੋਟੇ ਬੱਚਿਆਂ ਨੂੰ ਵੱਖ-ਵੱਖ ਧੰਦਿਆਂ 'ਚ ਸਹਾਇਤਾ ਵਾਸਤੇ ਵਰਤਿਆ ਜਾ ਰਿਹਾ ਹੈ। ਜਿਸ ਦਾ ਮੁੱਖ ਕਾਰਨ ਆਮ ਲੋਕਾਂ ਵਿਚ ਬਾਲ ਮਜ਼ਦੂਰੀ ਨੂੰ ਲੈ ਕੇ ਜਾਗਰੂਕਤਾ ਨਾ ਹੋਣਾ ਹੈ। ਇਸ ਸਬੰਧੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਸਹਾਰਾ ਵੈੱਲਫੇਅਰ ਕਲੱਬ ਉੜਮੁੜ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਬਾਲ ਮਜ਼ਦੂਰੀ ਸਬੰਧੀ ਆਮ ਲੋਕਾਂ ਅਤੇ ਵਪਾਰੀਆਂ ਨੂੰ ਸਮਾਜਿਕ ਪੱਧਰ 'ਤੇ ਸੁਚੇਤ ਕਰਨ ਦੀ ਲੋੜ ਹੈ ਅਤੇ ਆਉਣ ਵਾਲੀਆਂ ਪੀੜੀਆਂ ਦੇ ਸੁਧਾਰ ਲਈ ਇਹ ਬਹੁਤ ਜ਼ਰੂਰੀ ਹੈ ਕਿ ਹੁਣ ਤੋਂ ਹੀ ਬਾਲ ਮਜ਼ਦੂਰੀ ਨੂੰ ਨੱਥ ਪਾਈ ਜਾਵੇ। 
ਇਸੇ ਤਰ੍ਹਾਂ ਰੋਟਰੀ ਕਲੱਬ ਟਾਂਡਾ ਦੇ ਪ੍ਰਧਾਨ ਦੀਪਕ ਬਹਿਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੱਕ ਵਪਾਰੀ ਵਰਗ ਆਪਣੀ ਸਮਾਜਿਕ ਤੇ ਨੈਤਿਕ ਜ਼ਿੰਮੇਂਵਾਰੀ ਨੂੰ ਨਹੀਂ ਸਮਝਦਾ, ਉਦੋਂ ਤੱਕ ਬਾਲ ਮਜ਼ਦੂਰੀ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ। 
ਡਾ. ਕੇਵਲ ਸਿੰਘ ਐੱਸ. ਐੱਮ. ਓ. ਟਾਂਡਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਬਾਲ ਮਜ਼ਦੂਰੀ ਸਬੰਧੀ ਚੁੱਕੇ ਗਏ ਕਦਮ ਉਦੋਂ ਹੀ ਸਾਰਥਕ ਹੋਣਗੇ, ਜਦੋਂ ਅਸੀਂ ਖੁਦ ਆਪਣੀਆਂ ਸਮਾਜਿਕ ਜ਼ਿੰਮੇਂਵਰੀਆਂ ਨੂੰ ਨਿਭਾਉਣ ਲਈ ਇਮਾਨਦਾਰੀ ਤੋਂ ਕੰਮ ਲਵਾਂਗੇ। 
ਇਥੇ ਵਰਨਣਯੋਗ ਹੈ ਕਿ ਜੇਕਰ ਸਰਕਾਰੀ ਪੱਧਰ 'ਤੇ ਸਮਾਜਿਕ ਸੰਸਥਾਵਾਂ ਨੂੰ ਨਾਲ ਲੈ ਕੇ ਢਾਬਿਆਂ, ਭੱਠਿਆਂ, ਸਬਜ਼ੀ ਮੰਡੀ ਜਾਂ ਹੋਰ ਅਜਿਹੇ ਸਥਾਨਾਂ 'ਤੇ ਜਿਥੇ ਬਾਲ ਮਜ਼ਦੂਰੀ ਨੂੰ ਬਿਨਾਂ ਰੋਕ-ਟੋਕ ਹੁੰਗਾਰਾ ਦਿੱਤਾ ਜਾਂਦਾ ਹੈ, ਉਥੇ ਜਾਗਰੂਕਤਾ ਸੈਮੀਨਾਰ ਲਗਾਏ ਜਾਣ ਤੇ ਬਾਲ ਮਜ਼ਦੂਰੀ ਨਾਲ ਭਵਿੱਖ ਵਿਚ ਪੈਦਾ ਹੋਣ ਵਾਲੇ ਖਤਰਿਆਂ ਤੋਂ ਲੋਕਾਂ ਨੂੰ ਜਾਣੂੰਕਰਵਾਇਆ ਜਾਵੇ। ਦੂਜੇ ਪਾਸੇ ਅਧਿਕਾਰੀ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤੇ ਇਮਾਨਦਾਰੀ ਨਾਲ ਕੰਮ ਕਰਨ ਤਾਂ ਹੀ ਬਾਲ ਮਜ਼ਦੂਰੀ ਰੋਕਣ ਦੇ ਸਾਰਥਕ ਨਤੀਜੇ ਨਿਕਲ ਸਕਣਗੇ।