ਪੁਲਸ ਤੋਂ ਡਰ ਕੇ ਭੱਜਦਾ 15 ਸਾਲਾ ਬੱਚਾ ਦਰਿਆ ''ਚ ਡੁੱਬਿਆ ; ਪਰਿਵਾਰ ਨੇ ਪੁਲ਼ ''ਤੇ ਲਾਸ਼ ਰੱਖ ਲਾਇਆ ਧਰਨਾ (ਵੀਡੀਓ)

12/04/2022 2:10:57 AM

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਵਿਚ ਇਕ 15 ਸਾਲਾ ਨੌਜਵਾਨ ਦੀ ਪੁਲਸ ਤੋਂ ਡਰ ਕੇ ਭਜਦਿਆਂ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਉੱਪਰ ਗੰਭੀਰ ਇਲਜ਼ਾਮ ਲਗਾਉਂਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਲਾਸ਼ ਪੁਲ਼ 'ਤੇ ਰੱਖ ਕੇ ਧਰਨਾ ਲਗਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ : ਇਕ ਵਾਰ ਫਿਰ ਸਿੰਘੂ ਬਾਰਡਰ 'ਤੇ ਇਕੱਠੇ ਹੋਣਗੇ ਕਿਸਾਨ, ਇਹ ਹਨ ਮੁੱਖ ਮੰਗਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੱਲੂ ਮਾਛੀ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਲਵਿੰਦਰ ਸਿੰਘ ਆਪਣੇ ਸਾਥੀਆਂ ਬਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਨਾਲ ਪ੍ਰੀਖਿਆ ਦੇ ਕੇ ਸਕੂਲ ਤੋਂ ਆਏ ਸਨ। ਉਸ ਤੋਂ ਬਾਅਦ ਉਹ ਖੇਤਾਂ ਵਿਚ ਚਾਹ ਦੇਣ ਲਈ ਚਲੇ ਗਏ। ਉੱਥੇ ਐਕਸਾਈਜ਼ ਵਿਭਾਗ ਦੀ ਟੀਮ ਮੌਜੂਦ ਸੀ। ਮੁਲਾਜ਼ਮਾਂ ਨੇ ਇਨ੍ਹਾਂ ਬੱਚਿਆਂ ਨੂੰ ਬੁਲਾ ਕੇ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੇ ਹਨ। ਮੁਲਾਜ਼ਮਾਂ ਨੇ ਬਲਵਿੰਦਰ ਸਿੰਘ ਦੇ ਡਾਂਗ ਮਾਰੀ ਤਾਂ ਅਮਰਜੀਤ ਡਰਦਾ ਮਾਰਾ ਉੱਥੋਂ ਭੱਜ ਗਿਆ। ਭੱਜਦਿਆਂ-ਭੱਜਦਿਆਂ ਉਹ ਦਰਿਆ ਵਿਚ ਡਿੱਗ ਗਿਆ। ਬਲਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਮੁਲਾਜ਼ਮਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਸਾਥੀ ਪਾਣੀ ਵਿਚ ਡਿੱਗ ਗਿਆ ਹੈ ਪਰ ਮੁਲਾਜ਼ਮਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਉਨ੍ਹਾਂ ਨੂੰ ਧੱਕੇ ਨਾਲ ਗੱਡੀ ਵਿਚ ਬਿਠਾ ਕੇ ਥਾਣੇ ਲੈ ਗਈ। ਪੁਲਸ ਉਨ੍ਹਾਂ ਨੂੰ ਕਪੂਰਥਲਾ ਥਾਣੇ ਦੇ ਅਧੀਨ ਪੈਂਦੀ ਕਬੀਰਪੁਰ ਚੌਂਕੀ ਵਿਚ ਲੈ ਗਈ।

ਇਹ ਖ਼ਬਰ ਵੀ ਪੜ੍ਹੋ - ਭਜਨ ਦੀ ਸ਼ੂਟਿੰਗ ਕਰਨ ਧਰਮਸ਼ਾਲਾ ਗਈ ਟੀਮ ਦੀ ਥਾਰ ਖੱਡ 'ਚ ਡਿੱਗੀ, ਪੰਜਾਬ ਦੀ ਮਾਡਲ ਦੀ ਹੋਈ ਮੌਤ

ਜਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੂਚਨਾ ਮਿਲਣ 'ਤੇ ਥਾਣੇ ਪਹੁੰਚੇ ਤਾਂ ਮੁਲਾਜ਼ਮਾਂ ਨੇ ਕੁਲਵਿੰਦਰ ਸਿੰਘ ਨੂੰ ਉਨ੍ਹਾਂ ਦੇ ਹਵਾਲੇ ਕਰਦਿਆਂ ਕਿਹਾ ਕਿ ਅਜੇ ਬਲਵਿੰਦਰ ਸਿੰਘ ਨੂੰ ਅਜੇ ਰਿਹਾਅ ਨਹੀਂ ਕਰਨਾ। ਜਦ ਪਰਿਵਾਰ ਵੱਲੋਂ ਤੀਜੇ ਸਾਥੀ ਬਾਰੇ ਪੁੱਛਿਆ ਗਿਆ ਤਾਂ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਦੋ ਜਣਿਆਂ ਨੂੰ ਹੀ ਲਿਆਂਦਾ ਗਿਆ ਸੀ, ਤੀਸਰੇ ਬਾਰੇ ਉਨ੍ਹਾਂ ਨੂੰ ਕੁੱਝ ਨਹੀਂ ਪਤਾ। ਕੁਲਵਿੰਦਰ ਸਿੰਘ ਨੇ ਥਾਣੇ ਤੋਂ ਬਾਹਰ ਆ ਕੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਨੂੰ ਅਮਰਜੀਤ ਸਿੰਘ ਦੇ ਡੁੱਬਣ ਬਾਰੇ ਪਤਾ ਲੱਗਿਆ।

ਪਰਿਵਾਰਕ ਮੈਂਬਰਾਂ ਨੇ ਪੁਲਸ 'ਤੇ ਸੁਣਵਾਈ ਨਾ ਕਰਨ ਦਾ ਦੋਸ਼ ਲਗਾਉਂਦਿਆਂ ਕਿਸਾਨ ਜਥੇਬੰਦੀਆਂ ਨਾਲ ਸੁਲਤਾਨਪੁਰ ਲੋਹੀਆਂ ਗਿੱਦੜ ਪਿੰਡੀ ਪੁਲ਼ ਉੱਪਰ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਦ ਤਕ ਇਨਸਾਫ ਨਹੀਂ ਮਿਲੇਗਾ ਧਰਨਾ ਨਹੀਂ ਚੁੱਕਿਆ ਜਾਵੇਗਾ।

ਦੂਸਰੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਮੌਕੇ 'ਤੇ ਪਹੁੰਚੇ ਐੱਸ.ਪੀ.ਡੀ. ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਜੋ ਸੱਚ ਸਾਹਮਣੇ ਆਵੇਗਾ ਉਸ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra